ਫ਼ਰੀਦਕੋਟ, 26 ਸਤੰਬਰ (ਸਤੀਸ਼ ਬਾਗ਼ੀ)-ਸਿਵਲ ਪੈਨਸ਼ਨਰ ਐਸੋਸੀਏਸ਼ਨ ਫ਼ਰੀਦਕੋਟ ਦੇ ਦਫ਼ਤਰ ਵਿਖੇ ਸੀਨੀਅਰ ਸਿਵਲ ਜੱਜ ਗੁਰਪ੍ਰੀਤ ਕੌਰ ਵਲੋਂ ਸੀਨੀਅਰ ਸਿਟੀਜਨ ਪ੍ਰਤੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਤੋਂ ਇਲਾਵਾ ਭਾਰੀ ਗਿਣਤੀ 'ਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ | ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਜੱਜ ਸਾਹਿਬ ਦੇ ਆਉਣ 'ਤੇ ਧੰਨਵਾਦ ਕਰਨ ਦੇ ਨਾਲ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਅਤੇ ਦਫ਼ਤਰ ਦੀ ਹੋਂਦ ਬਾਰੇ ਜੱਜ ਸਾਹਿਬ ਨੂੰ ਚਾਨਣਾ ਪਾਇਆ | ਸਟੇਜ ਸਕੱਤਰ ਦੀ ਭੂਮਿਕਾ ਜਗਤਾਰ ਸਿੰਘ ਗਿੱਲ ਨੇ ਨਿਭਾਈ | ਸੀਨੀਅਰ ਸਿਵਲ ਜੱਜ ਗੁਰਪ੍ਰੀਤ ਕੌਰ ਨੇ ਸੀਨੀਅਰ ਸਿਟੀਜ਼ਨਜ਼ ਪ੍ਰਤੀ ਸਰਕਾਰ ਵਲੋਂ ਨਿਭਾਈਆਂ ਜਾ ਰਹੀਆਂ ਜ਼ਿੰਮੇਵਾਰੀਆਂ ਦਾ ਚਾਨਣਾ ਪਾਇਆ ਅਤੇ ਉਨ੍ਹਾਂ ਦੇ ਹੱਕਾਂ ਬਾਰੇ ਬਹੁਤ ਹੀ ਸਰਲ ਸ਼ਬਦਾਂ ਵਿਚ ਖੁਲਾਸਾ ਕੀਤਾ | ਉਨ੍ਹਾਂ ਜ਼ੋਰ ਦੇ ਕੇ ਦੁਹਰਾਇਆ ਕਿ ਕਿਸੇ ਵੀ ਸੀਨੀਅਰ ਸਿਟੀਜਨ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਉਹ ਨਿੱਜੀ ਤੌਰ 'ਤੇ ਦਫ਼ਤਰ ਮਿਲ ਸਕਦੇ ਹਨ ਜਾਂ ਉਸਦੇ ਕਿਸੇ ਸਬੰਧਤ ਕਰਮਚਾਰੀ ਨੂੰ ਆਪਣੀ ਸਮੱਸਿਆ ਦੱਸ ਸਕਦੇ ਹਨ | ਇਸ ਤੋਂ ਬਾਅਦ ਇੰਜ: ਬਲਵੰਤ ਰਾਏ ਗੱਖੜ ਨੇ ਜੱਜ ਸਾਹਿਬ ਦੇ ਧਿਆਨ ਵਿਚ ਲਿਆਂਦਾ ਕਿ ਸੀਨੀਅਰ ਸਿਟੀਜਨ ਨੂੰ ਜੋ ਪਹਿਲ ਦੇ ਆਧਾਰ 'ਤੇ ਸਿਵਲ ਹਸਪਤਾਲ, ਮੈਡੀਕਲ ਕਾਲਜ ਅਤੇ ਰੇਲਵੇ ਸਟੇਸ਼ਨ ਆਦਿ ਪਬਲਿਕ ਅਦਾਰਿਆਂ 'ਤੇ ਜਿੱਥੇ ਤਰਜੀਹ ਮਿਲਣੀ ਚਾਹੀਦੀ ਹੈ, ਤਸੱਲੀਬਖਸ਼ ਨਹੀਂ ਮਿਲਦੀ | ਇਸ ਦਾ ਕੋਈ ਢੁੱਕਵਾਂ ਹੱਲ ਕੱਢਿਆ ਜਾਵੇ | ਅੰਤ ਵਿਚ ਸਮੂਹ ਪੈਨਸ਼ਨਰਾਂ ਨੇ ਪੈਨਸ਼ਨਰ ਦਫ਼ਤਰ ਆਉਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ |