ਮੰਡੀ ਕਿੱਲਿਆਂਵਾਲੀ, 26 ਸਤੰਬਰ (ਇਕਬਾਲ ਸਿੰਘ ਸ਼ਾਂਤ)-ਕਿਸਾਨਾਂ ਵਲੋਂ ਵੱਧ ਫ਼ਸਲ ਝਾੜਨ ਦੀ ਚਾਹਤ ਨੇ ਪੰਜਾਬ ਦੀਆਂ ਸੰਪਰਕ ਤੇ ਪੇਂਡੂ ਸੜਕਾਂ ਦੇ ਜ਼ਿਆਦਾਤਰ ਬਰਮ (ਕੰਢੇ) ਖਾ ਲਏ ਹਨ | ਕਿਸਾਨਾਂ ਵਲੋਂ ਸੜਕਾਂ ਦੇ ਬਰਮ ਖੇਤਾਂ 'ਚ ਮਿਲਾਉਣ ਕਰਕੇ ਲਗਪਗ 55-60 ਫ਼ੀਸਦੀ ਸੰਪਰਕ ਤੇ ਪੇਂਡੂ ਸੜਕਾਂ ਦੀ ਚੌੜਾਈ ਅੱਧ ਰਹਿ ਗਈ ਹੈ ਅਤੇ ਚਾਰ ਪਹੀਆ ਤਾਂ ਦੂਰ ਦੁਪਹੀਆ ਵਾਹਨਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ | ਇਨ੍ਹਾਂ ਸੜਕਾਂ ਉੱਪਰ ਐਮਰਜੈਂਸੀ ਪਾਸਿੰਗ ਤੇ ਓਵਰਟੇਕਿੰਗ ਗੰਭੀਰ ਸਮੱਸਿਆ ਬਣ ਗਏ ਹਨ | ਸੰਪਰਕ ਸੜਕਾਂ ਨੂੰ ਪੇਂਡੂ ਪੰਜਾਬ ਦੀ ਅਰਥ-ਵਿਵਸਥਾ ਦਾ ਆਧਾਰ ਮੰਨਿਆ ਜਾਂਦਾ ਹੈ | ਸਕੂਲ, ਹਸਪਤਾਲ, ਦਾਣਾ ਮੰਡੀ ਅਤੇ ਰੋਜ਼ਾਨਾ ਜ਼ਿੰਦਗੀ ਇਨ੍ਹਾਂ 'ਤੇ ਨਿਰਭਰ ਹਨ | ਜ਼ਮੀਨੀ ਪੱਧਰ 'ਤੇ ਜ਼ਿਆਦਾਤਰ ਸੜਕੀ ਬਰਮਾਂ ਨੂੰ ਖੇਤਾਂ ਵਿਚ ਮਿਲਾ ਕੇ ਕਬਜ਼ਾ ਕਰ ਲਿਆ ਗਿਆ ਹੈ, ਜਿਸ ਨਾਲ ਸੜਕਾਂ ਦੀ ਮਜ਼ਬੂਤੀ ਵੀ ਘੱਟ ਰਹੀ ਹੈ | ਜ਼ਿਆਦਾਤਰ ਖੇਤਾਂ ਦੀ ਵੱਟ ਤੇ ਕਿਸਾਨਾਂ ਵਲੋਂ ਲਗਾਈਆਂ ਕੰਡਿਆਲੀ ਤਾਰਾਂ ਸੜਕਾਂ ਨੂੰ ਛੂਹ ਰਹੀਆਂ ਹਨ | ਸਰਕਾਰੀ ਗਾਈਡਲਾਈਨਾਂ ਅਨੁਸਾਰ ਸੜਕ ਦੇ ਦੋਵੇਂ ਪਾਸੇ ਘੱਟੋ-ਘੱਟ ਇਕ-ਇਕ ਮੀਟਰ ਬਰਮ ਛੱਡਣਾ ਲਾਜ਼ਮੀ ਹੁੰਦਾ ਹੈ | ਇਹ ਬਰਮ ਵਾਲੀ ਜ਼ਮੀਨ ਸਰਕਾਰ ਦੀ ਮਲਕੀਅਤ ਹੁੰਦੀ ਹੈ | ਵੱਡਾ ਨੁਕਸ ਇਹ ਵੀ ਹੈ ਕਿ ਪੰਜਾਬ ਵਿਚ ਲਗਪਗ 70-80 ਫ਼ੀਸਦ ਪੇਂਡੂ ਸੜਕਾਂ ਦੀ ਮੁਰੰਮਤ ਸਮੇਂ 'ਤੇ ਨਹੀਂ ਹੁੰਦੀ | ਅਜਿਹੇ ਵਿਚ ਬਰਮਾਂ ਦੀ ਮੁੜ ਸੁਰਜੀਤੀ ਦੂਰ ਦੀ ਕੌਡੀ ਹੈ | ਵੋਟ ਰਾਜਨੀਤੀ ਕਰਕੇ ਸਰਕਾਰਾਂ ਖ਼ਾਮੋਸ਼ ਹਨ | ਜਦਕਿ ਅਫ਼ਸਰਸ਼ਾਹੀ ਜਥੇਬੰਦਕ ਵਿਰੋਧ ਦੇ ਡਰ ਕਰਕੇ ਕਾਰਵਾਈ ਤੋਂ ਟਾਲਾ ਕਰਦੀ ਹੈ | ਝਾੜੀਆਂ ਨੇ ਵੀ ਸੜਕਾਂ ਸੰਕਰੀਆਂ ਕਰ ਦਿੱਤੀਆਂ ਹਨ | ਮੌਜੂਦਾ 'ਆਪ' ਸਰਕਾਰ ਵਿਚ ਝਾੜੀਆਂ ਕਟਾਈ ਦੇ ਨਿਯਮ ਲਗਪਗ ਮੁੱਕ ਗਏ ਹਨ | ਸੜਕ ਸੁਰੱਖਿਆ ਰਿਪੋਰਟਾਂ ਮੁਤਾਬਕ ਕਰੀਬ 60-62 ਫ਼ੀਸਦ ਹਾਦਸੇ ਸੰਪਰਕ, ਪੇਂਡੂ ਤੇ ਕਸਬਾਈ ਸੜਕਾਂ 'ਤੇ ਹੁੰਦੇ ਹਨ | ਜ਼ਿਆਦਾਤਰ ਸੰਪਰਕ ਸੜਕਾਂ ਪੰਜਾਬ ਮੰਡੀ ਬੋਰਡ ਅਤੇ ਪੀ.ਡਬਲਯੂ.ਡੀ. ਦੇ ਅਧੀਨ ਹਨ | ਬਰਮਾਂ ਦੀ ਅਣਹੋਂਦ ਤੇ ਸੜਕੀ ਟੋਇਆਂ ਕਾਰਨ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ | ਸਭ ਤੋਂ ਵੱਧ ਖ਼ਤਰਾ ਸਕੂਲੀ ਤੇ ਮਿੰਨੀ ਬੱਸਾਂ ਨੂੰ ਹੈ | ਆਹਮੋ-ਸਾਹਮਣੇ ਲੰਘਦਿਆਂ ਜਾਂ ਓਵਰਟੇਕਿੰਗ ਸਮੇਂ ਵਹੀਕਲ ਬੇਕਾਬੂ ਹੋ ਕੇ ਪਲਟ ਜਾਂਦੇ ਹਨ | ਅਕਸਰ ਬੱਸਾਂ ਬੱਚਿਆਂ ਸਮੇਤ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ | ਇਕ ਅਧਿਕਾਰੀ ਮੁਤਾਬਕ ਬਰਮ ਲਈ ਮਿੱਟੀ ਵੀ ਖੇਤੋਂ ਹੀ ਲੈਣੀ ਪੈਂਦੀ ਹੈ, ਪੰਚਾਇਤਾਂ ਤੇ ਬਲਾਕ ਦਫ਼ਤਰ ਸਹਿਯੋਗ ਨਹੀਂ ਕਰਦੇ, ਇਸ ਲਈ ਬਰਮ ਸੁਧਾਰ ਤਰਜ਼ੀਹ ਤੋਂ ਪਿੱਛੇ ਰਹਿ ਜਾਂਦਾ ਹੈ | ਨਮੋਸ਼ੀਜਨਕ ਗੱਲ ਹੈ ਕਿ ਕੁਝ ਮਣ ਦਾਣਿਆਂ ਦੇ ਲਾਲਚ ਵਿਚ ਕਿਸਾਨ ਆਪਣੇ ਹੀ ਪੈਰਾਂ 'ਤੇ ਕੁਹਾੜੀ ਮਾਰ ਰਹੇ ਹਨ | ਬਰਮ ਮੁੱਕਣ ਕਾਰਨ ਮੰਡੀ ਵੱਲ ਜਾਣ ਵਾਲੇ ਟਰੱਕ ਅਤੇ ਟਰਾਲੀਆਂ ਵੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਇਹ ਆਪਣੇ ਹੀ ਨੁਕਸਾਨ ਵਾਂਙ ਹੈ | ਜੇਕਰ ਸਰਕਾਰ ਵਲੋਂ ਛੇਤੀ ਢੁਕਵੀਂ ਨੀਤੀ ਤੇ ਕਾਰਵਾਈ ਅਮਲ ਵਿਚ ਨਾ ਲਿਆਂਦੀ ਗਈ | ਨਵੇਂ ਸਿਰਿਓਾ ਲਿੰਕ ਤੇ ਪੇਂਡੂ ਪੈਮਾਇਸ਼ ਕਰਵਾ ਕੇ ਸੜਕਾਂ ਦੇ ਬਰਮ ਨਾ ਜਿਉਂਦੇ ਕੀਤੇ ਗਏ ਤਾਂ ਅਗਲੇ ਪੰਜ-ਦਸ ਸਾਲਾਂ ਵਿਚ ਸੰਪਰਕ ਸੜਕਾਂ ਵੱਡੇ ਦੁਖਾਂਤ ਦਾ ਰੂਪ ਧਾਰ ਲੈਣਗੀਆਂ | ਭਾਕਿਯੂ (ਏਕਤਾ) ਉਗਰਾਹਾਂ ਦੇ ਜ਼ਿਲ੍ਹਾ ਆਗੂ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਸਰਕਾਰ ਵਲੋਂ ਇਸ ਪਾਸੇ ਧਿਆਨ ਦੇ ਕੇ ਢੁਕਵੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਲਗਾਤਾਰ ਹੋਣੀ ਚਾਹੀਦੀ ਹੈ |