ਫ਼ਰੀਦਕੋਟ, 27 ਸਤੰਬਰ (ਸਤੀਸ਼ ਬਾਗ਼ੀ)-ਕੇਂਦਰ ਸਰਕਾਰ ਵਲੋਂ ਹਾਲ ਹੀ 'ਚ ਕੀਤੇ ਗਏ ਨੈਕਸਟ ਜਨਰੇਸ਼ਨ ਜੀ.ਐਸ.ਟੀ. ਸੁਧਾਰਾਂ (ਜੀ.ਐਸ.ਟੀ. 2.0) ਨੂੰ ਲੈ ਕੇ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਦੁਰਗੇਸ਼ ਸ਼ਰਮਾ ਨੇ ਕਿਹਾ ਕਿ ਇਹ ਦੇਸ਼ ਦੀ ਅਰਥ ਵਿਵਸਥਾ ਲਈ ਇਕ ਮੀਲ ਦਾ ਪੱਥਰ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਹ ਕਟੌਤੀ ਮੱਧ ਵਰਗ, ਗਰੀਬਾਂ ਅਤੇ ਛੋਟੇ ਵਪਾਰੀਆਂ ਲਈ ਸੱਭ ਤੋਂ ਵੱਡਾ ਦੀਵਾਲੀ ਦਾ ਤੋਹਫ਼ਾ ਹੈ ਜੋ ਈਜ਼ ਆਫ਼ ਲਿਵਿੰਗ ਨੂੰ ਅਸਾਧਾਰਨ ਤਰੀਕੇ ਨਾਲ ਵਧਾਏਗਾ | ਸੂਬਾ ਸਕੱਤਰ ਸ਼ਰਮਾ ਨੇ ਕਿਹਾ ਕਿ ਚਾਰ-ਪੱਧਰੀ ਟੈਕਸ ਪ੍ਰਣਾਲੀ 5%, 12%, 18%, 28% ਨੂੰ ਹਟਾ ਕੇ ਹੁਣ ਸਿਰਫ਼ ਦੋ ਮੁੱਖ ਦਰਾਂ 5% ਅਤੇ 18% ਰੱਖੀਆਂ ਗਈਆਂ ਹਨ, ਜਿਸ ਨਾਲ ਟੈਕਸ ਢਾਂਚਾ ਬਹੁਤ ਸਰਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ 99% ਵਸਤੂਆਂ 'ਤੇ ਟੈਕਸ ਘਟਾਇਆ ਗਿਆ ਹੈ ਜਾਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਦੁੱਧ, ਪਨੀਰ, ਸਾਬਣ, ਟੂਥਪੇਸਟ, ਸਾਈਕਲ ਅਤੇ ਸਾਰੀ ਸਿੱਖਿਆ ਸਮੱਗਰੀ 'ਤੇ ਟੈਕਸ 0 ਜਾਂ 5% ਕਰ ਦਿੱਤਾ ਗਿਆ ਹੈ, ਜਿਸ ਨਾਲ ਆਮ ਪਰਿਵਾਰ ਦੀ ਮਾਸਿਕ ਬੱਚਤ ਵਿਚ ਭਾਰੀ ਵਾਧਾ ਹੋਵੇਗਾ | ਸਿਹਤ ਦੇ ਖੇਤਰ ਵਿਚ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਕਿਹਾ ਕਿ ਜੀਵਨ ਅਤੇ ਸਿਹਤ ਬੀਮੇ 'ਤੇ ਜੀ.ਐਸ.ਟੀ. ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ, ਨਾਲ ਹੀ ਦਵਾਈਆਂ ਅਤੇ ਜਾਂਚ ਕਿੱਟਾਂ 'ਤੇ ਵੀ ਕਟੌਤੀ ਕੀਤੀ ਗਈ ਹੈ | ਸ੍ਰੀ ਸ਼ਰਮਾ ਨੇ ਦਾਅਵਾ ਕੀਤਾ ਕਿ ਇਨ੍ਹਾਂ ਸੁਧਾਰਾਂ ਨਾਲ ਦੇਸ਼ ਦੀ ਜੀ.ਡੀ.ਪੀ. ਵਿਚ 0.8% ਤੱਕ ਦਾ ਵਾਧਾ ਹੋ ਸਕਦਾ ਹੈ |