ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਇਮਪੀਰੀਅਲ ਪਬਲਿਕ ਸਕੂਲ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਵਲੋਂ ਪਿ੍ੰਸੀਪਲ ਡਾ. ਪਰਮਿੰਦਰ ਕੌਰ, ਸਕੂਲ ਮੈਨੇਜਮੈਂਟ ਕੰਵਰਦੀਪ ਸਿੰਘ ਕੁਲਾਰ ਅਤੇ ਸੁਖਬੀਰ ਕੌਰ ਕੁਲਾਰ ਦੀ ਅਗਵਾਈ ਵਿਚ ਲੋੜਵੰਦ ਵਿਅਕਤੀਆਂ ਲਈ ਖੁਸ਼ੀਆਂ ਵੰਡਣ ਦਾ ਇਕ ਛੋਟਾ ਜਿਹਾ ਉਪਰਾਲਾ ਕਰਦਿਆਂ ਸਾਰੇ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਰੋਜ਼ਾਨਾ ਜ਼ਿੰਦਗੀ ਵਿਚ ਕੰਮ ਆਉਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕੀਤਾ | ਇਹ ਸਾਰੀਆਂ ਚੀਜ਼ਾਂ ਨੂੰ ਅਨਾਥ ਆਸ਼ਰਮ, ਕੁਸ਼ਟ ਆਸ਼ਰਮ, ਬਿਰਧ ਆਸ਼ਰਮ ਅਤੇ ਰਾਮਾ ਕਿ੍ਸ਼ਨ ਸਕੂਲ ਵਿਚ ਵਿਦਿਆਰਥੀਆਂ ਦੀ ਕੈਬਨਿਟ ਸਭਾ ਵਲੋਂ ਵੰਡਿਆ ਗਿਆ | ਵਿਦਿਆਰਥੀਆਂ ਨੇ ਇਨ੍ਹਾਂ ਆਸ਼ਰਮਾਂ ਵਿਚ ਰਹਿ ਰਹੇ ਲੋੜਵੰਦਾਂ ਨਾਲ ਮੁਲਾਕਾਤ ਕੀਤੀ ਅਤੇ ਜ਼ਿੰਦਗੀ ਦੇ ਕੁਝ ਮਹੱਤਵਪੂਰਨ ਸਬਕ ਉਨ੍ਹਾਂ ਦੀ ਜ਼ਿੰਦਗੀ ਤੋਂ ਸਿੱਖੇ | ਸਕੂਲ ਪਹੁੰਚਣ 'ਤੇ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਤਜਰਬਿਆਂ ਨੂੰ ਬਾਕੀ ਵਿਦਿਆਰਥੀਆਂ ਨਾਲ ਸਾਂਝਾ ਕੀਤਾ | ਸੁਖਬੀਰ ਕੌਰ ਕੁਲਾਰ ਨੇ ਬੱਚਿਆਂ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਅਤੇ ਉਹ ਮਾਣ ਮਹਿਸੂਸ ਕਰਦੇ ਹਨ ਕਿ ਸਕੂਲ ਦੇ ਵਿਦਿਆਰਥੀ ਇੰਨੇ ਉਦਮੀ ਅਤੇ ਸਮਝਦਾਰ ਹਨ |