ਸ੍ਰੀ ਮੁਕਤਸਰ ਸਾਹਿਬ, 22 ਨਵੰਬਰ (ਰਣਜੀਤ ਸਿੰਘ ਢਿੱਲੋਂ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਰਕਲ ਖੇਤਰ ਸ੍ਰੀ ਮੁਕਤਸਰ ਸਾਹਿਬ ਵਲੋਂ ਬਾਵਾ ਨਿਹਾਲ ਸਿੰਘ ਬੀ.ਐੱਡ. ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ | ਇਸ ਮੇਲੇ ਵਿਚ ਲਗਪਗ 17 ਸਕੂਲਾਂ ਦੇ 200 ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੇ ਸ਼ਮੂਲੀਅਤ ਕੀਤੀ | ਖੇਤਰ ਸਕੱਤਰ ਜਸਦੀਪ ਸਿੰਘ ਅਨੁਸਾਰ ਇਹ ਅੰਤਰ ਸਕੂਲ ਯੁਵਕ ਮੇਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤਾ ਗਿਆ ਸੀ | ਇਸ ਮੇਲੇ ਵਿਚ ਵਿਦਿਆਰਥੀਆਂ ਦੇ ਦਸਤਾਰਬੰਦੀ, ਪ੍ਰਸ਼ਨੋਤਰੀ ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਸਟੇਜ ਸੰਚਾਲਕ ਦੀ ਭੂਮਿਕਾ ਗਗਨਦੀਪ ਸਿੰਘ ਅਤੇ ਗੁਰਜੀਤ ਸਿੰਘ ਨੇ ਨਿਭਾਈ | ਕਵਿਤਾ ਉਚਾਰਨ ਮੁਕਾਬਲੇ ਵਿਚ ਜੱਜਮੈਂਟ ਦੀ ਭੂਮਿਕਾ ਗੁਰਚਰਨ ਸਿੰਘ ਚੰਨ, ਦਸਤਾਰਬੰਦੀ ਮੁਕਾਬਲੇ ਵਿਚ ਨਿਰਮਲ ਸਿੰਘ ਤੇ ਜਸਵਿੰਦਰ ਸਿੰਘ ਵਲੋਂ ਨਿਭਾਈ ਗਈ | ਇਸ ਮੇਲੇ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਤੇ ਸਲੋਕਾਂ 'ਤੇ ਆਧਾਰਤ ਪ੍ਰਸ਼ਨੋਤਰੀ ਮੁਕਾਬਲੇ ਦਾ ਆਯੋਜਨ ਰਮਨਦੀਪ ਸਿੰਘ (ਕੰਪਿਊਟਰ ਅਧਿਆਪਕ) ਵਲੋਂ ਕੀਤਾ ਗਿਆ, ਜੋ ਕਿ ਮੇਲੇ ਦੌਰਾਨ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ | ਇਸ ਮੁਕਾਬਲੇ ਦੌਰਾਨ ਪ੍ਰਸ਼ਨ ਉਤਰਾਂ ਦੇ ਸਿਲਸਿਲੇ ਦੇ ਨਾਲ-ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦਰਸ਼ਨ, ਬਹਾਦਰੀ ਤੇ ਲਾਸਾਨੀ ਸ਼ਹਾਦਤ ਦੀ ਤਸਵੀਰ ਵੀ ਪੇਸ਼ ਕੀਤੀ ਗਈ | ਇਸ ਮੁਕਾਬਲੇ ਲਈ ਲਗਪਗ 15 ਸਕੂਲਾਂ ਦੇ ਵਿਦਿਆਰਥੀਆਂ ਦੇ ਲਿਖ਼ਤੀ ਇਮਤਿਹਾਨ ਉਪਰੰਤ 6 ਟੀਮਾਂ ਨੂੰ ਚੁਣਿਆ ਗਿਆ ਅਤੇ ਸਟੇਜ 'ਤੇ ਬੁਲਾਇਆ, ਜਿਨ੍ਹਾਂ ਨੇ ਫ਼ਾਈਨਲ ਕੁਇਜ ਵਿਚ ਭਾਗ ਲਿਆ | ਕੁਇਜ ਮੁਕਾਬਲੇ ਦੇ ਨਤੀਜੇ ਵਿਚ ਪਹਿਲੇ ਸਥਾਨ 'ਤੇ ਡੀ.ਵੀ.ਐੱਮ. ਪਬਲਿਕ ਸਕੂਲ ਦੀ ਟੀਮ, ਦੂਜੇ ਸਥਾਨ 'ਤੇ ਡੇਰਾ ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਅਤੇ ਤੀਜੇ ਸਥਾਨ 'ਤੇ ਅਕਾਲ ਅਕੈਡਮੀ ਦੀ ਟੀਮ ਰਹੀ | ਅੰਤਰ ਸਕੂਲ ਯੁਵਕ ਮੇਲੇ ਵਿਚ ਬਾਵਾ ਨਿਹਾਲ ਸਿੰਘ ਬੀ.ਐੱਡ. ਕਾਲਜ ਦੇ ਐੱਮ.ਡੀ. ਸਰਵਪਾਲ ਸਿੰਘ ਬਾਵਾ, ਸੁਖਪਾਲ ਸਿੰਘ ਬਾਵਾ, ਜਸਪਾਲ ਸਿੰਘ ਪਵਾਰ (ਡਾਇਰੈਕਟਰ) ਤੇ ਸਟਾਫ਼ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਮੇਲੇ ਵਿਚ ਪੂਰਨ ਸਹਿਯੋਗ ਦਿੱਤਾ | ਮੇਲੇ ਵਿਚ ਪੁੱਜੇ ਪਤਵੰਤੇ ਸੱਜਣ ਚੀਫ਼ ਅਕਾਦਮਿਕ ਕੌਂਸਲ ਦੇ ਮੈਂਬਰ ਨਰਿੰਦਰ ਪਾਲ ਸਿੰਘ (ਡਿਪਟੀ ਚੀਫ਼ ਸੈਕਟਰੀ ਅਕਾਦਮਿਕ ਕੌਂਸਲ), ਪਿ੍ੰਸੀਪਲ ਪਰਮਜੀਤ ਕੌਰ (ਸ.ਸ.ਸ.ਸ. ਚੱਕ ਦੂਹੇਵਾਲਾ), ਗੁਰਚਰਨ ਸਿੰਘ ਚੰਨ, ਸੁਮੇਰ ਸਿੰਘ ਤੇ ਅੰਮਿ੍ਤਪਾਲ ਸਿੰਘ ਧੀਰ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਅਗਸਤ ਮਹੀਨੇ ਹੋਏ ਨੈਤਿਕ ਸਿੱਖਿਆ ਇਮਤਿਹਾਨ ਦੇ ਮੈਰਿਟ ਪੁਜ਼ੀਸ਼ਨਾਂ ਵਾਲੇ ਵਿਦਿਆਰਥੀਆਂ ਨੂੰ ਵੀ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੇ ਅੰਤ ਵਿਚ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ |