ਜੈਤੋ, 26 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਥਾਨਕ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ | ਨਗਰ ਕੀਰਤਨ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਨੂੰ ਫੁੱਲਾਂ ਨਾਲ ਸਜਾਇਆ ਗਿਆ | ਨਗਰ ਕੀਰਤਨ ਦੇ ਆਰੰਭ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ | ਉਪੰਰਤ ਇਹ ਨਗਰ ਕੀਰਤਨ ਆਰੰਭ ਹੋਇਆ ਤੇ ਨਗਰ ਕੀਰਤਨ 'ਚ ਸ਼ਾਮਿਲ ਵੱਡੀ ਗਿਣਤੀ 'ਚ ਸੰਗਤਾਂ ਵਲੋਂ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ | ਨਗਰ ਕੀਤਰਨ ਦੇ ਸਵਾਗਤ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ ਤੇ ਸੰਗਤਾਂ ਲਈ ਸ਼ਹਿਰ ਨਿਵਾਸੀਆਂ ਨੇ ਗਰਮਾ-ਗਰਮ ਦੁੱਧ, ਪਕੌੜੇ, ਬਿਸਕੁਟ-ਚਾਹ ਆਦਿ ਦਾ ਲੰਗਰ ਵਰਤਾਇਆ ਜਾ ਰਿਹਾ ਸੀ | ਨਗਰ ਕੀਰਤਨ ਵੱਖ-ਵੱਖ ਬਾਜ਼ਾਰਾਂ, ਜੈਤੋ ਪਿੰਡਾਂ ਦੀਆਂ ਪੱਤੀਆਂ, ਬਾਜਾਖਾਨਾ ਰੋਡ ਤੇ ਬਠਿੰਡਾ ਰੋਡ ਤੋਂ ਹੁੰਦਾ ਹੋਇਆ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਜੈਤੋ ਵਿਖੇ ਸਮਾਪਤ ਹੋਇਆ |