ਮਲੋਟ, 26 ਦਸੰਬਰ (ਪਾਟਿਲ)-ਮਲੋਟ ਹਲਕੇ ਦੇ ਨਜ਼ਦੀਕੀ ਪਿੰਡ ਭਾਈਕੇਰਾ ਵਿਖੇ ਸਥਿਤ ਇੰਡੀਅਨ ਆਇਲ ਦੇ ਪੈਟਰੋਲ ਪੰਪ 'ਤੇ ਚਲਾਈ ਗਈ 'ਡੀਜ਼ਲ ਧਮਾਕਾ' ਸਕੀਮ ਤਹਿਤ ਪਿੰਡ ਮਾਹਣੀਖੇੜਾ ਦੇ ਰਹਿਣ ਵਾਲੇ ਗਿੰਦਰਪਾਲ ਨੂੰ ਸਵਰਾਜ ਕੰਪਨੀ ਦਾ ਟਰੈਕਟਰ ਇਨਾਮ ਵਜੋਂ ਮਿਲਿਆ | ਇਸ ਮੌਕੇ ਪੈਟਰੋਲ ਪੰਪ ਦੇ ਮਾਲਕ ਵਲੋਂ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇੰਡੀਅਨ ਆਇਲ ਕੰਪਨੀ ਦੇ ਅਧਿਕਾਰੀਆਂ, ਕਰਮਚਾਰੀਆਂ, ਪਿੰਡ ਵਾਸੀਆਂ ਤੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ | ਪ੍ਰੋਗਰਾਮ ਦੌਰਾਨ ਗਿੰਦਰਪਾਲ ਨੂੰ ਟਰੈਕਟਰ ਦੀਆਂ ਚਾਬੀਆਂ ਸੌਂਪ ਕੇ ਉਸ ਨੂੰ ਵਧਾਈ ਦਿੱਤੀ ਗਈ | ਗਿੰਦਰਪਾਲ ਨੇ ਦੱਸਿਆ ਕਿ ਉਹ ਨਿਰੰਤਰ ਇਸ ਪੰਪ ਤੋਂ ਡੀਜ਼ਲ ਭਰਵਾਉਂਦਾ ਸੀ ਤੇ ਕੰਪਨੀ ਦੀਆਂ ਸਕੀਮਾਂ ਵਿਚ ਭਾਗ ਲੈਂਦਾ ਆ ਰਿਹਾ ਸੀ | ਇਨਾਮ ਦੀ ਸੂਚਨਾ ਮਿਲਣ 'ਤੇ ਉਸ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ | ਇਸ ਮੌਕੇ ਸੁਧਾਂਸ਼ੂ ਅਰੋੜਾ (ਡੀ.ਆਰ.ਐੱਸ.ਐੱਚ. ਬਠਿੰਡਾ ਡੀ.ਓ.), ਯੋਗੇਸ਼ (ਮੈਨੇਜਰ ਬਠਿੰਡਾ ਡੀ.ਓ.) ਅਤੇ ਅਰਵਿੰਦ ਸਾਹੂ (ਸੀਨੀਅਰ ਸੇਲਸ ਅਫ਼ਸਰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ) ਵੀ ਹਾਜ਼ਰ ਰਹੇ | ਗਿੰਦਰਪਾਲ ਨੇ ਇੰਡੀਅਨ ਆਇਲ ਕੰਪਨੀ, ਪੰਪ ਮਾਲਕ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ |