ਮਲੋਟ, 27 ਦਸੰਬਰ (ਪਾਟਿਲ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਨਗਰ ਕੌਂਸਲ ਮਲੋਟ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਅੱਜ ਮਲੋਟ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਖੇੜਾ ਪਰਿਵਾਰ ਨਾਲ ਬੀਤੇ ਕਈ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਦੇ ਖ਼ਤਮ ਹੋਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿਚ ਜ਼ਿਲ੍ਹਾ ਕਾਂਗਰਸ ਪ੍ਰਧਾਨ, ਨਗਰ ਕੌਂਸਲਰ ਅਸ਼ਵਨੀ ਖੇੜਾ ਅਤੇ ਖੇੜਾ ਪਰਿਵਾਰ ਦੇ ਹੋਰ ਕਾਂਗਰਸੀ ਮੈਂਬਰਾਂ ਦਰਮਿਆਨ ਆਪਸੀ ਸੁਲਾਹ ਕਰਵਾ ਦਿੱਤੀ ਗਈ ਹੈ | ਸ਼ੁਭਦੀਪ ਸਿੰਘ ਬਿੱਟੂ ਨੇ ਕਿਹਾ ਕਿ ਪਾਰਟੀ ਵਿਚ ਛੋਟੇ-ਮੋਟੇ ਮੱਤਭੇਦ ਹੋਣਾ ਸਧਾਰਨ ਗੱਲ ਹੈ ਪਰ ਕਾਂਗਰਸ ਪਾਰਟੀ ਹਮੇਸ਼ਾ ਇਕੱਠੀ ਰਹੀ ਹੈ | ਉਨ੍ਹਾਂ ਦੱਸਿਆ ਕਿ ਰਾਜਾ ਵੜਿੰਗ ਦੀ ਅਗਵਾਈ ਹੇਠ ਸਾਰੇ ਮੱਤਭੇਦ ਦੂਰ ਹੋ ਗਏ ਹਨ ਅਤੇ ਹੁਣ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਪੂਰੀ ਤਾਕਤ ਨਾਲ ਮੈਦਾਨ ਵਿਚ ਉਤਰੇਗੀ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਜਲਦ ਹੀ ਕਮੇਟੀ ਬਣਾ ਕੇ ਟਿਕਟਾਂ ਦਾ ਐਲਾਨ ਕਰ ਦਿੱਤਾ ਜਾਵੇਗਾ | ਜਿੱਥੇ ਕਈ-ਕਈ ਉਮੀਦਵਾਰ ਹਨ, ਉੱਥੇ ਆਪਸੀ ਸਹਿਮਤੀ ਨਾਲ ਫ਼ੈਸਲੇ ਲਏ ਜਾਣਗੇ | ਉਨ੍ਹਾਂ ਦੱਸਿਆ ਕਿ ਜਿਹੜਾ ਉਮੀਦਵਾਰ ਟਿਕਟ ਪ੍ਰਾਪਤ ਕਰੇਗਾ, ਸਾਰੇ ਕਾਂਗਰਸੀ ਉਸ ਦੇ ਨਾਲ ਖੜ੍ਹ ਕੇ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਨਗਰ ਕੌਂਸਲ ਮਲੋਟ ਵਲੋਂ ਕੀਤੇ ਗਏ ਵਿਕਾਸ ਕੰਮ ਮਲੋਟ ਵਾਸੀਆਂ ਦੇ ਸਾਹਮਣੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਲੋਕ ਵਿਕਾਸ ਦੇ ਆਧਾਰ 'ਤੇ ਕਾਂਗਰਸ ਪਾਰਟੀ ਨੂੰ ਮੁੜ ਜਿਤਾਉਣਗੇ | ਇਸ ਮੌਕੇ ਕੌਂਸਲਰ ਅਸ਼ਵਨੀ ਖੇੜਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੇ ਨਤੀਜੇ ਕਾਂਗਰਸ ਪਾਰਟੀ ਦੇ ਹੱਕ ਵਿਚ ਆਉਣਗੇ ਅਤੇ ਕਾਂਗਰਸ ਦੁਬਾਰਾ ਨਗਰ ਕੌਂਸਲ ਬਣਾਏਗੀ | ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਪਰਿਵਾਰਕ ਜਾਂ ਵਿਅਕਤੀਗਤ ਮੱਤਭੇਦ ਆਉਂਦੇ ਰਹਿੰਦੇ ਹਨ, ਪਰ ਕਾਂਗਰਸ ਪਾਰਟੀ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ | ਉਨ੍ਹਾਂ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿਚ ਗੈਂਗਸਟਰਵਾਦ, ਚੋਰੀਆਂ ਤੇ ਗੁੰਡਾਗਰਦੀ ਵਧੀ ਹੈ, ਜਿਸ ਤੋਂ ਲੋਕ ਨਿਰਾਸ਼ ਹਨ | ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਕਾਂਗਰਸ ਪਾਰਟੀ ਮੁੜ ਸਰਕਾਰ ਬਣਾਏਗੀ | ਇਸ ਮੌਕੇ ਮਲੋਟ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਕੌਂਸਲਰ ਅਸ਼ਵਨੀ ਖੇੜਾ, ਜੁਗਰਾਜ ਖੇੜਾ, ਜਤਿੰਦਰ ਕੁਮਾਰ ਪਿੰਟੂ ਅਹੂਜਾ, ਬਲਜੀਤ ਸਿੰਘ ਗਿੱਲ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ |