ਫ਼ਰੀਦਕੋਟ, 27 ਦਸੰਬਰ (ਜਸਵੰਤ ਸਿੰਘ ਪੁਰਬਾ)-ਸਮਾਜ ਸੇਵੀ ਸੰਸਥਾ ਕਿ੍ਸ਼ਨਾਵੰਤੀ ਸੇਵਾ ਸੁਸਾਇਟੀ ਰਜਿ: ਫ਼ਰੀਦਕੋਟ ਵਲੋਂ ਆਮ ਲੋਕਾਂ ਨੂੰ ਧੁੰਦ ਦੇ ਦਿਨਾਂ 'ਚ ਹਾਦਸਿਆਂ ਤੋਂ ਬਚਾਉਣ ਲਈ ਟਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਇਕ ਪ੍ਰੋਗਰਾਮ ਸੁਸਾਇਟੀ ਦੇ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਹੇਠ ਘੰਟਾ ਘਰ ਚੌਂਕ ਵਿਖੇ ਕੀਤਾ ਗਿਆ | ਸਮਾਗਮ ਦੇ ਮੁੱਖ ਮਹਿਮਾਨ ਡੀ.ਐਸ.ਪੀ. ਤਿ੍ਲੋਚਨ ਸਿੰਘ ਸਨ | ਜਦਕਿ ਪ੍ਰਧਾਨਗੀ ਟਰੈਫ਼ਿਕ ਇੰਚਾਰਜ ਵਕੀਲ ਸਿੰਘ ਨੇ ਕੀਤੀ | ਇਸ ਮੌਕੇ ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਨਾਇਬ ਸਿੰਘ ਸੰਘਾ ਐਡਵੋਕੇਟ ਨੇ ਸਭਨਾਂ ਨੂੰ ਜੀ ਆਇਆਂ ਨੂੰ ਆਖਿਆ | ਡੀ.ਐਸ.ਪੀ. ਤਿ੍ਲੋਚਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਕੇ ਸੜਕ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ | ਸਮੇਂ-ਸਮੇਂ 'ਤੇ ਆਪਣੇ ਵਾਹਨਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ | ਮੋਬਾਈਲ ਫ਼ੋਨ ਦੀ ਡਰਾਇਵਿੰਗ ਕਰਨ ਮੌਕੇ ਵਰਤੋਂ ਨਾ ਕੀਤੀ ਜਾਵੇ | ਜ਼ਿਲ੍ਹਾ ਟਰੈਫ਼ਿਕ ਇੰਚਾਰਜ ਵਕੀਲ ਸਿੰਘ ਐਸ.ਆਈ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲੇ੍ਹ ਅੰਦਰ ਵਾਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੇ ਟਰੈਫ਼ਿਕ ਪੁਲਿਸ ਨੂੰ ਚਲਾਨ ਕੱਟਣੇ ਪੈਂਦੇ ਹਨ | ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਨੇ ਕਿਹਾ ਕਿ ਸਾਨੂੰ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਟਰੈਫ਼ਿਕ ਨਿਯਮਾਂ ਦੀ ਪਾਲਣਾ ਹਰ ਹਾਲਤ 'ਚ ਕਰਨੀ ਚਾਹੀਦੀ ਹੈ | ਰਿਫ਼ਲੈਕਟਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰਨ ਲਈ ਵਿਸ਼ੇਸ਼ ਬੋਰਡ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਅੱਜ ਲਗਾ ਕੇ ਉਦਘਾਟਨ ਡੀ.ਐਸ.ਪੀ. ਤਿ੍ਲੋਚਨ ਸਿੰਘ ਨੇ ਕੀਤਾ ਹੈ | ਇਸ ਮੌਕੇ ਏ.ਐਸ.ਆਈ. ਲਖਵੀਰ ਸਿੰਘ, ਐਲ.ਐਚ.ਸੀ ਅਨੂ ਬਾਲਾ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਕੈਂਥ, ਰਾਮ ਤੀਰਥ, ਰੋਹਿਤ ਕਸ਼ਯਪ, ਰਾਜੇਸ਼ ਸੁਖੀਜਾ ਆਦਿ ਹਾਜ਼ਰ ਸਨ | ਸੁਸਾਇਟੀ ਮੈਂਬਰ ਜੀਤ ਸਿੰਘ ਸਿੱਧੂ ਨੇ ਸਭ ਦਾ ਧੰਨਵਾਦ ਕੀਤਾ |