ਮਲੋਟ, 27 ਦਸੰਬਰ (ਅਜਮੇਰ ਸਿੰਘ ਬਰਾੜ)-ਸੇਵਾ ਸਦਨ ਮਲੋਟ ਵਿਖੇ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਨਿੱਜੀਕਰਨ ਦੀ ਨੀਤੀ ਰੱਦ ਕਰਨ ਅਤੇ ਅਤੇ ਦੇਸੀ-ਵਿਦੇਸ਼ੀ ਕਾਰਪੋਰੇਟਾਂ ਦੀ ਲੁੱਟ ਖ਼ਿਲਾਫ਼ ਕਨਵੈਨਸ਼ਨ ਕੀਤੀ ਗਈ | ਸੰਬੋਧਨ ਕਰਦੇ ਹੋਏ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ, ਭਾਕਿਯੂ ਏਕਤਾ (ਡਕੌਂਦਾ) ਦੇ ਸੂਬਾ ਸਕੱਤਰ ਹਰਨੇਕ ਸਿੰਘ ਮਹਿਮਾ, ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ ਨਿੱਜੀਕਰਨ ਦੇ ਹਮਲੇ ਨੂੰ ਹੋਰ ਤੇਜ਼ ਕਰਦੇ ਹੋਏ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਲੋਕਾਂ ਤੋਂ ਸਬਸਿਡੀਆਂ ਤੇ ਸਸਤੀ ਬਿਜਲੀ ਦੀ ਸਹੂਲਤ ਖੋਹਣਾ ਤੇ ਪ੍ਰਾਈਵੇਟ ਕੰਪਨੀਆਂ ਨੂੰ ਵੱਡੇ ਮੁਨਾਫ਼ੇ ਬਖ਼ਸ਼ਦਾ ਬਿਜਲੀ ਸੋਧ ਬਿੱਲ 2025 ਲਿਆਂਦਾ ਜਾ ਰਿਹਾ ਹੈ | ਮਜ਼ਦੂਰਾਂ ਦੀਆਂ ਉਜ਼ਰਤਾਂ, ਸਹੂਲਤਾਂ, ਕਿਰਤ ਹਾਲਤਾਂ ਤੇ ਰੁਜ਼ਗਾਰ ਸੁਰੱਖਿਆ ਦੀ ਬਲੀ ਦਿੰਦੇ ਅਤੇ ਵੱਡੀਆਂ ਕੰਪਨੀਆਂ ਨੂੰ ਕਿਰਤ ਦੀ ਲੁੱਟ ਦੀਆਂ ਖੁੱਲ੍ਹਾਂ ਬਖ਼ਸ਼ਦੇ 4 ਕਿਰਤ ਕੋਡ ਲਾਗੂ ਕਰ ਦਿੱਤੇ ਗਏ ਹਨ | ਇਸ ਤੋਂ ਇਲਾਵਾ ਬੀਜਾਂ 'ਤੇ ਵੀ ਕਾਰਪੋਰੇਟ ਕੰਟਰੋਲ ਕਾਇਮ ਕਰਨ ਖ਼ਾਤਰ ਬੀਜ ਬਿੱਲ 2025 ਲਿਆਂਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮਾਲੀਆ ਜਟਾਉਣ ਦੇ ਨਾਂਅ ਹੇਠ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਜਾਇਦਾਦ ਬਣਦੀਆਂ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਅਤੇ ਹੋਰ ਜਨਤਕ ਜਾਇਦਾਦਾਂ ਨੂੰ ਵੇਚਿਆ ਜਾ ਰਿਹਾ ਹੈ ਤੇ ਪੰਜਾਬ ਦੀ ਸਰਕਾਰੀ ਟਰਾਂਸਪੋਰਟ ਅੰਦਰ ਠੇਕਾ ਆਧਾਰਿਤ ਕਿੱਲੋਮੀਟਰ ਸਕੀਮ ਰਾਹੀਂ ਨਿੱਜੀਕਰਨ ਨੂੰ ਤਕੜਾ ਕੀਤਾ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀ ਨਿੱਜੀਕਰਨ ਦੀ ਨੀਤੀ ਨੂੰ ਰੋਕਣ ਤੋਂ ਅੱਗੇ ਇਸ ਦੀ ਜੜ੍ਹ ਖ਼ਿਲਾਫ਼ ਸਾਂਝੇ ਸੰਘਰਸ਼ਾਂ ਦੇ ਪੜੁੱਲ ਬੰਨ੍ਹਣ ਦੀ ਲੋੜ ਹੈ | ਸਟੇਜ ਸਕੱਤਰ ਦੀ ਭੂਮਿਕਾ ਪਿਆਰੇ ਲਾਲ ਦੋਦਾ ਨੇ ਨਿਭਾਈ |