ਸ੍ਰੀ ਮੁਕਤਸਰ ਸਾਹਿਬ, 27 ਦਸੰਬਰ (ਰਣਜੀਤ ਸਿੰਘ ਢਿੱਲੋਂ)-ਆਵਾਜਾਈ ਵਿਚ ਪੈ ਰਹੀ ਰੁਕਾਵਟ ਨੂੰ ਦੂਰ ਕਰਨ ਲਈ ਟ੍ਰੈਫ਼ਿਕ ਪੁਲਿਸ ਵਲੋਂ ਸੜਕ ਦੀ ਜਗ੍ਹਾ ਵਿਚ ਲੱਗੀਆਂ ਰੇਹੜੀਆਂ ਅਤੇ ਫ਼ੜ੍ਹੀਆਂ ਨੂੰ ਦੂਰ ਕਰਵਾਇਆ ਗਿਆ | 'ਅਜੀਤ' ਵਿਚ ਆਵਾਜਾਈ ਦੀ ਸਮੱਸਿਆ ਸੰਬੰਧੀ ਪ੍ਰਕਾਸ਼ਿਤ ਵਿਸਥਾਰਤ ਰਿਪੋਰਟ ਮਗਰੋਂ ਪੁਲਿਸ ਅਧਿਕਾਰੀਆਂ ਨੇ ਨੋਟਿਸ ਲੈਂਦਿਆਂ ਆਵਾਜਾਈ ਦੀ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਅੱਜ ਸੜਕ ਦੀ ਜਗ੍ਹਾ ਵਿਚ ਲੱਗਦੀਆਂ ਰੇਹੜੀਆਂ ਤੇ ਫ਼ੜ੍ਹੀਆਂ ਨੂੰ ਦੂਰ ਪਾਸੇ ਕਰਵਾਇਆ ਗਿਆ | ਡੀ.ਐੱਸ.ਪੀ. (ਟ੍ਰੈਫ਼ਿਕ) ਤੇਜਿੰਦਰਪਾਲ ਸਿੰਘ ਬਰਾੜ ਨੇ ਵਿਸ਼ੇਸ਼ ਤੌਰ 'ਤੇ ਥਾਣਾ ਸਿਟੀ ਨੇੜੇ ਸਬਜ਼ੀ ਮੰਡੀ ਦਾ ਦੌਰਾ ਕੀਤਾ ਅਤੇ ਰਸਤੇ ਵਿਚੋਂ ਰੇਹੜੀਆਂ ਨੂੰ ਪਾਸੇ ਕਰਵਾਇਆ ਅਤੇ ਕਿਹਾ ਕਿ ਟ੍ਰੈਫ਼ਿਕ ਨੂੰ ਚੱਲਦਾ ਰੱਖਣ ਲਈ ਸਾਰੇ ਸਹਿਯੋਗ ਕਰਨ | ਉਨ੍ਹਾਂ ਕਿਹਾ ਕਿ ਸਭ ਨੂੰ ਆਪਣੀ ਜ਼ਿੰਮੇਵਾਰੀ ਤੇ ਫ਼ਰਜ਼ ਨੂੰ ਨਿਭਾਉਣਾ ਚਾਹੀਦਾ ਹੈ ਤਾਂ ਹੀ ਇਸ ਸਮੱਸਿਆ ਦਾ ਪੱਕਾ ਹੱਲ ਹੋ ਸਕਦਾ ਹੈ | ਇਸ ਤੋਂ ਇਲਾਵਾ ਬੱਸ ਸਟੈਂਡ 'ਤੇ ਸ਼ਹਿਰ ਦੇ ਟ੍ਰੈਫ਼ਿਕ ਇੰਚਾਰਜ ਤਰਸੇਮ ਸਿੰਘ ਵਲੋਂ ਵੀ ਸੜਕ ਦੀ ਜਗ੍ਹਾ ਵਿਚ ਖੜ੍ਹੀਆਂ ਰੇਹੜੀਆਂ ਤੇ ਫ਼ੜ੍ਹੀਆਂ ਨੂੰ ਸੜਕ ਦੀ ਜਗ੍ਹਾ ਤੋਂ ਪਿੱਛੇ ਕਰਵਾਇਆ ਗਿਆ ਤਾਂ ਜੋ ਆਵਾਜਾਈ ਸਹੀ ਤਰੀਕੇ ਨਾਲ ਚੱਲਦੀ ਰਹੇ | ਇਸ ਤੋਂ ਇਲਾਵਾ ਬੱਸ ਅੱਡੇ ਦੇ ਬਾਹਰ ਖੜ੍ਹਦੀਆਂ ਬੱਸਾਂ ਦੇ ਚਾਲਕਾਂ ਨੂੰ ਵੀ ਸਮਝਾਇਆ ਗਿਆ ਕਿ ਸਵਾਰੀਆਂ ਲੈਣ ਲਈ ਬੱਸ ਅੱਡੇ ਦੇ ਬਾਹਰ ਬੱਸਾਂ ਰੋਕਣ ਨਾਲ ਟ੍ਰੈਫ਼ਿਕ ਵਿਚ ਵਿਘਣ ਪੈਂਦਾ ਹੈ, ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਆਪਣਾ ਫ਼ਰਜ਼ ਸਮਝਣਾ ਚਾਹੀਦਾ ਹੈ ਅਤੇ ਜੋ ਗੱਡੀਆਂ ਤੇ ਮੋਟਰਸਾਈਕਲ ਵਗੈਰਾ ਠੱਲ੍ਹਦੇ ਹਨ, ਉਸ ਨੂੰ ਸੜਕ ਦੀ ਬਜਾਏ ਸਾਈਡ 'ਤੇ ਕਰਕੇ ਰੋਕਿਆ ਜਾਵੇ ਤਾਂ ਜੋ ਆਵਾਜਾਈ ਵਿਚ ਵਿਘਨ ਨਾ ਪਵੇ |