ਫ਼ਰੀਦਕੋਟ, 30 ਦਸੰਬਰ (ਸਤੀਸ਼ ਬਾਗ਼ੀ)-ਫ਼ਰੀਡਮ ਫ਼ਾਈਟਰਜ਼ ਉੱਤਰਾਧਿਕਾਰੀ ਸੰਸਥਾ (ਰਜਿ.196) ਦੇ ਪ੍ਰਧਾਨ ਬਲਦੇਵ ਸਿੰਘ ਅਹਿਲ ਦੀ ਪ੍ਰਧਾਨਗੀ ਹੇਠ ਇਕ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਨੂੰ ਰੋਸ ਪੱਤਰ ਸੌਂਪਿਆ ਗਿਆ | ਬਲਦੇਵ ਸਿੰਘ ਅਹਿਲ ਨੇ ਦੱਸਿਆ ਕਿ ਦੇਸ਼ ਨੂੰ ਆਜ਼ਾਦ ਹੋਇਆਂ 77 ਸਾਲ ਹੋ ਗਏ ਹਨ ਪ੍ਰੰਤੂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਫ਼ਰੀਡਮ ਫ਼ਾਈਟਰਾਂ ਅਤੇ ਉਨ੍ਹਾਂ ਦੇ ਵਾਰਿਸਾਂ ਦੀਆਂ ਸਮੱਸਿਆਵਾਂ ਅਜੇ ਤੱਕ ਹੱਲ ਨਹੀਂ ਹੋਈਆਂ, ਜਿਸ ਤੋਂ ਫ਼ਰੀਡਮ ਫ਼ਾਈਟਰ ਪਰਿਵਾਰ ਪੂਰੇ ਨਾਰਾਜ਼ ਹਨ | ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਸਾਡੀਆਂ ਸਮੱਸਿਆਂਵਾਂ ਦਾ ਮੁੱਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕੋਲ ਰੱਖ ਕੇ ਸਾਡੀਆਂ ਸਮੱਸਿਆਂਵਾਂ ਦਾ ਹੱਲ ਕਰਵਾਉਣ ਵਿਚ ਪੂਰੀ ਮੱਦਦ ਕਰੋਗੇ | ਉਨ੍ਹਾਂ ਕਿਹਾ ਕਿ 30 ਸਤੰਬਰ ਨੂੰ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੀ ਸਮਾਧ 'ਤੇ ਧਰਨਾ ਲਗਾਇਆ ਗਿਆ ਸੀ ਅਤੇ ਧਰਨਾ ਸਮਾਪਤ ਕਰਵਾਉਣ ਲਈ ਉਪ ਮੰਡਲ ਮੈਜਿਸਟਰੇਟ ਵਲੋਂ ਸੰਸਥਾ ਦੀਆਂ ਮੰਗਾਂ ਸਬੰਧੀ ਕੈਬਨਿਟ ਕਮੇਟੀ ਦੀ ਇਕ ਮੀਟਿੰਗ ਬੀਤੀ 5 ਅਗਸਤ ਨੂੰ ਚੰਡੀਗੜ੍ਹ ਵਿਖੇ ਨਿਯਮਤ ਕੀਤੀ ਗਈ | ਉਸ ਤੋਂ ਅੱਗੋ ਜਿਸ ਨੂੰ 13 ਅਗਸਤ ਨੂੰ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵਲੋਂ 26 ਅਗਸਤ ਨੂੰ ਮੀਟਿੰਗ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ ਸੀ | ਜਦ ਕਿ ਕੋਈ ਵੀ ਮੀਟਿੰਗ ਅੱਜ ਤੱਕ ਨਹੀਂ ਕੀਤੀ ਗਈ | ਇਸ ਕਰਕੇ ਪੂਰੇ ਪੰਜਾਬ ਦੇ ਫ਼ਰੀਡਮ ਫ਼ਾਈਟਰਾਂ ਵਲੋਂ ਆਉਣ ਵਾਲੀ 26 ਜਨਵਰੀ ਨੂੰ ਪੂਰੇ ਪੰਜਾਬ ਭਰ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ ਪ੍ਰੋਗਰਾਮ ਵਿਚ ਸ਼ਾਮਿਲ ਹੋਣਗੇ ਅਤੇ ਤਿਰੰਗੇ ਝੰਡੇ ਨੂੰ ਸਲਾਮੀ ਦੇਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਜੋ ਸਨਮਾਨ ਦਿੱਤਾ ਜਾਂਦਾ ਹੈ ਉਸ ਦਾ ਪੂਰਨ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ | ਉਨ੍ਹਾਂ ਅਪੀਲ ਕੀਤੀ ਕਿ ਇਸ ਵੱਲ ਧਿਆਨ ਦੇ ਕੇ ਪੰਜਾਬ ਸਰਕਾਰ ਦੀ ਸੂਬਾ ਕਮੇਟੀ ਨਾਲ ਮੀਟਿੰਗ ਕਰਵਾਈ ਜਾਵੇ ਤਾਂ ਜੋ ਆਜ਼ਾਦੀ ਦੇ ਜਸ਼ਨਾਂ ਨੂੰ ਸਹੀ ਰੂਪ ਵਿਚ ਮਨਾਇਆ ਜਾਵੇ | ਇਸ ਮੌਕੇ ਮੈਂਬਰ ਜਗਰੂਪ ਸਿੰਘ , ਸੱਤਪਾਲ ਸਿੰਘ ਫ਼ੌਜੀ ਜਨਰਲ ਸਕੱਤਰ, ਮਾਸਟਰ ਗੁਰਚਰਨ ਸਿੰਘ ਢਿੱਲੋਂ ਬਰਗਾੜੀ ਸੀਨੀਅਰ ਮੀਤ ਪ੍ਰਧਾਨ, ਗੁਰਦੇਵ ਸਿੰਘ ਬੇਗੂਵਾਲਾ ਖਜ਼ਾਨਚੀ ਵੀ ਹਾਜ਼ਰ ਸਨ |
ਫ਼ਰੀਡਮ ਫ਼ਾਈਟਰ ਉੱਤਰਾਧਿਕਾਰੀ ਸੰਸਥਾ 26 ਜਨਵਰੀ ਮੌਕੇ ਸਨਮਾਨ ਲੈਣ ਦਾ ਬਾਈਕਾਟ ਕਰੇਗੀ-ਅਹਿਲ
ਅਜੀਤ ਡੈਸਕ
31-12-2025