ਗਿੱਦੜਬਾਹਾ, 30 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਟ੍ਰੈਫ਼ਿਕ ਪੁਲਿਸ ਵਲੋਂ ਈ-ਰਿਕਸ਼ਾ ਚਾਲਕਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਤਾੜਨਾ ਕੀਤੀ ਗਈ ਅਤੇ ਕਿਹਾ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਸ਼ਹਿਰ ਅੰਦਰ ਟ੍ਰੈਫ਼ਿਕ ਦੀ ਸਮੱਸਿਆ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਿਸ ਦਾ ਵੱਡਾ ਕਾਰਨ ਸ਼ਹਿਰ ਅੰਦਰ ਦਿਨੋਂ-ਦਿਨ ਈ-ਰਿਕਸ਼ਾ ਵਾਲਿਆਂ ਦੀ ਸੰਖਿਆ ਵਿਚ ਚਿ੍ਤਾਜਨਕ ਵਾਧਾ ਹੋ ਰਿਹਾ ਹੈ | ਹਰਲ-ਹਰਲ ਕਰਦੇ ਰਿਕਸ਼ੇ ਵਾਲੇ ਸੰਘਣੀ ਆਬਾਦੀ ਵਿਚ ਬਿਨਾਂ ਕਾਰਨ ਖ਼ਾਲੀ ਫ਼ਿਰਦੇ ਅਕਸਰ ਦੇਖੇ ਜਾ ਸਕਦੇ ਹਨ | ਅਨੇਕਾਂ ਅਜਿਹੇ ਹੀ ਈ-ਰਿਕਸ਼ਾ ਬਿਨਾਂ ਰਜਿਸਟ੍ਰੇਸ਼ਨ ਤੇ ਨਾਬਾਲਗ ਵੀ ਈ-ਰਿਕਸ਼ਾ ਚਲਾਉਂਦੇ ਦੇਖੇ ਜਾ ਸਕਦੇ ਹਨ | ਬਿਨਾਂ ਸਿਖਿਅਤ ਚਲਾਉਂਦੇ ਈ-ਰਿਕਸ਼ੇ ਵਾਲੇ ਅਨੇਕਾਂ ਹੀ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਸ਼ਹਿਰ ਅੰਦਰ ਲੜਾਈ-ਝਗੜੇ ਵੀ ਕਰਦੇ ਹਨ | ਗਿੱਦੜਬਾਹਾ ਦੇ ਟ੍ਰੈਫ਼ਿਕ ਪੁਲਿਸ ਇੰਚਾਰਜ ਹਰਭਗਵਾਨ ਸਿੰਘ ਮਾਨ ਨੇ ਦੱਸਿਆ ਕਿ ਈ-ਰਿਕਸ਼ਾ ਵਾਲਿਆਂ ਨਾਲ ਮੀਟਿੰਗ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਨੂੰ ਟੈ੍ਰਫ਼ਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਕਿਹਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜੋ ਵੀ ਈ-ਰਿਕਸ਼ਾ ਚਾਲਕ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰੇਗਾ, ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਜੋ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਬੇਢੰਗੇ ਰੱਖੇ ਗਏ ਸਾਮਾਨ ਸੰਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ | ਇਸ ਮੌਕੇ ਐੱਸ.ਆਈ. ਹਰਬੰਸ ਸਿੰਘ ਅਤੇ ਐੱਸ.ਆਈ. ਜਗਸੀਰ ਪੁਰੀ ਹਾਜ਼ਰ ਸਨ |