25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪਾਬੰਦੀਸ਼ੁਦਾ ਝੋਨੇ ਦੀਆਂ ਕਿਸਮਾਂ ਕਾਰਨ ਕਿਸਾਨਾਂ ਵਿਚ ਉਲਝਣ ਦਾ ਮਾਹੌਲ

Ad Position 21
No active advertisement
ਅਜੀਤ ਡੈਸਕ 05-06-2025


• ਬਹੁਤੇ ਕਿਸਾਨਾਂ ਦਾ ਪੂਸਾ-44 ਦੀ ਥਾਂ ਪੀ.ਆਰ-126 ਵੱਲ ਰੁਝਾਨ • ਖਾਰੇ ਪਾਣੀ ਵਾਲੇ ਖੇਤਰਾਂ ਦੀ ਆਪਣੀ ਮਜਬੂਰੀ
<br/>

ਹਰਪ੍ਰੀਤ ਸਿੰਘ ਗਿੱਲ

ਅਮਲੋਹ (ਫ਼ਤਹਿਗੜ੍ਹ ਸਾਹਿਬ), 4 ਜੂਨ-ਪਿਛਲੇ ਸਾਲਾਂ ਦੇ ਮੁਕਾਬਲੇ 10 ਦਿਨ ਅਗੇਤਾ ਝੋਨਾ ਲਗਾਉਣ ਦੀ ਦਿੱਤੀ ਇਜਾਜ਼ਤ ਤੋਂ ਬਾਅਦ ਭਾਵੇਂ ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਕਾਸ਼ਤ ਕੀਤੀਆਂ ਜਾ ਰਹੀਆਂ ਝੋਨੇ ਦੀਆਂ ਕਈ ਕਿਸਮਾਂ ਉਪਰ ਪੰਜਾਬ ਸਰਕਾਰ ਵਲੋਂ ਪਾਬੰਦੀ ਲਗਾ ਦਿੱਤੇ ਜਾਣ ਕਾਰਨ ਪੰਜਾਬ ਦੀ ਕਿਸਾਨੀ ਵਿਚ ਇਸ ਗੱਲ ਦਾ ਭੰਬਲ ਭੂਸਾ ਪੈਦਾ ਹੋ ਗਿਆ ਹੈ ਕਿ ਉਹ ਕਿਹੜੀਆਂ ਕਿਸਮਾਂ ਲਗਾਉਣ ਤੇ ਕਿਹੜੀਆਂ ਨਾ ਲਗਾਉਣ | ਮਿਲੀ ਜਾਣਕਾਰੀ ਅਨੁਸਾਰ ਇਸੇ ਦੋ-ਚਿੱਤੀ ਦੇ ਚੱਲਦਿਆਂ ਬਹੁਤ ਸਾਰੇ ਕਿਸਾਨਾਂ ਵਲੋਂ ਪਹਿਲਾਂ ਪੂਸਾ 44, ਪੀਲੀ ਪੂਸਾ ਤੇ ਕੁਝ ਹੋਰ ਦੋਗਲੀਆਂ ਕਿਸਮਾਂ ਦੀ ਪਨੀਰੀ ਬੀਜ ਦਿੱਤੀ ਗਈ ਸੀ ਕਿਉਂਕਿ ਪਿਛਲੇ ਸਾਲ ਚਾਵਲ ਮਿੱਲ ਮਾਲਕਾਂ ਵਲੋਂ ਇਨ੍ਹਾਂ 'ਚੋਂ ਕਈ ਕਿਸਮਾਂ ਖ਼ਾਸ ਕਰਕੇ ਪੂਸਾ-44 ਤੇ ਪੀਲੀ ਪੂਸਾ ਨੂੰ ਤਰਜੀਹੀ ਤੌਰ 'ਤੇ ਖ਼ਰੀਦਿਆ ਗਿਆ ਸੀ, ਪਰ ਹੁਣ ਸਰਕਾਰ ਵਲੋਂ ਪਾਬੰਦੀਸ਼ੁਦਾ ਕਿਸਮਾਂ ਦੀ ਖ਼ਰੀਦ ਕਰਨ ਤੋਂ ਕੀਤੀ ਜਾ ਰਹੀ ਕੋਰੀ ਨਾਂਹ ਕਾਰਨ ਬਹੁਤ ਸਾਰੇ ਕਿਸਾਨਾਂ ਵਲੋਂ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕੀ ਪਨੀਰੀ ਨੂੰ ਛੱਡ ਕੇ ਪੀ.ਆਰ. ਕਿਸਮਾਂ ਵੱਲ ਮੋੜਾ ਪਾਇਆ ਜਾ ਰਿਹਾ ਹੈ ਪਰ ਮਿਲ ਰਹੀ ਜਾਣਕਾਰੀ ਅਨੁਸਾਰ ਅਜੇ ਵੀ ਕਲਰਾਠੀਆਂ ਜ਼ਮੀਨਾਂ ਅਤੇ ਖਾਰੇ ਪਾਣੀ ਵਾਲੇ ਖੇਤਰਾਂ ਦੇ ਬਹੁਤ ਸਾਰੇ ਕਿਸਾਨ ਅਜਿਹੇ ਹਨ ਜਿਹੜੇ ਪਾਬੰਦੀ ਲੱਗਣ ਦੇ ਬਾਵਜੂਦ ਪੂਸਾ-44 ਤੇ ਕਈ ਤਰ੍ਹਾਂ ਦੀਆਂ ਦੋਗਲੀਆਂ ਕਿਸਮਾਂ ਦੀ ਕਾਸ਼ਤ ਕਰਨਗੇ | ਇਨ੍ਹਾਂ ਕਿਸਾਨਾਂ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਨ੍ਹਾਂ ਦੀਆਂ ਜ਼ਮੀਨਾਂ ਦਾ ਪੀ. ਐਚ. ਲੈਵਲ (ਕੱਲਰ) ਜ਼ਿਆਦਾ ਤੇ ਪਾਣੀ ਵਿਚ ਖਾਰਾਪਣ ਜ਼ਿਆਦਾ ਹੋਣ ਕਾਰਨ ਪੀ.ਆਰ. ਕਿਸਮਾਂ ਚੰਗਾ ਪ੍ਰਦਰਸ਼ਨ ਨਹੀਂ ਕਰਦੀਆਂ ਜਿਸ ਕਾਰਨ ਝਾੜ ਬਹੁਤ ਘੱਟ ਜਾਂਦਾ ਹੈ | ਖੇਤੀਬਾੜੀ ਵਿਭਾਗ ਪੰਜਾਬ ਤੋਂ ਮਿਲੇ ਅੰਕੜਿਆਂ ਅਨੁਸਾਰ ਇਸ ਵਾਰ ਪੰਜਾਬ ਵਿਚ 32.5 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਕਾਸ਼ਤ ਹੋਣ ਦਾ ਅਨੁਮਾਨ ਹੈ ਜਿਸ ਲਈ ਬਹੁਤ ਵੱਡੇ ਪੱਧਰ 'ਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਹੋਣੀ ਹੈ | ਵਰਣਨਯੋਗ ਹੈ ਕਿ ਪੰਜਾਬ ਦੇ ਇਸ ਧਰਤੀ ਹੇਠਲੇ ਪਾਣੀ ਦੇ ਅਣਮੁੱਲੇ ਭੰਡਾਰ ਨੂੰ ਸੰਭਾਲਣ ਲਈ ਹੀ ਖੇਤੀ ਵਿਗਿਆਨੀਆਂ ਵਲੋਂ ਘੱਟ ਸਮੇਂ ਵਿਚ ਪੱਕ ਕੇ ਤਿਆਰ ਹੋਣ ਵਾਲੀਆਂ ਕਿਸਮਾਂ ਵਿਕਸਿਤ ਕਰਨ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਝੋਨੇ ਦੀਆਂ ਕਈ ਬਹੁਤ ਆਲਾ-ਮਿਆਰੀ ਕਿਸਮਾਂ ਵਿਕਸਿਤ ਕੀਤੀਆਂ ਹਨ ਜਿਨ੍ਹਾਂ ਵਿਚੋਂ ਪੀ.ਆਰ.-126 ਇਕ ਅਜਿਹੀ ਕਿਸਮ ਹੈ ਜੋ ਬੀਜ ਤੋਂ ਬੀਜ ਪੱਕਣ ਤੱਕ ਸਿਰਫ਼ 120 ਦਿਨ ਦਾ ਸਮਾਂ ਲੈਂਦੀ ਹੈ ਅਤੇ ਪਿਛਲੇ ਸਾਲਾਂ ਵਿਚ ਕਿਸਾਨਾਂ ਦੇ ਦੱਸਣ ਅਨੁਸਾਰ ਉਨ੍ਹਾਂ ਵਲੋਂ ਇਸ ਦਾ ਝਾੜ 35-36 ਕੁਇੰਟਲ ਪ੍ਰਤੀ ਏਕੜ ਤੱਕ ਲਿਆ ਜਾ ਰਿਹਾ ਹੈ | ਜਦੋਂ ਕਿ ਇਸ ਦੇ ਮੁਕਾਬਲੇ ਵਾਲੀ ਦੂਜੀ ਕਿਸਮ ਪੂਸਾ-44 ਜਿਸ ਉਪਰ ਸਰਕਾਰ ਵਲੋਂ ਪਾਬੰਦੀ ਲਗਾਈ ਗਈ ਹੈ, ਦਾ ਝਾੜ ਭਾਵੇਂ ਕੁਝ ਕਿਸਾਨਾਂ ਵਲੋਂ 36-38 ਕੁਇੰਟਲ ਦੱਸਿਆ ਜਾ ਰਿਹਾ ਹੈ ਪਰ ਇਹ ਪੱਕਣ ਲਈ 150 ਤੋਂ 155 ਦਿਨ ਲੈਂਦੀ ਹੈ ਜਿਸ ਕਾਰਨ ਖੇਤੀ ਮਾਹਿਰਾਂ ਅਨੁਸਾਰ ਇਹ ਲਾਗਤ ਦੇ ਹਿਸਾਬ ਨਾਲ ਕਿਸਾਨਾਂ ਲਈ ਲਾਹੇਵੰਦ ਨਹੀਂ |
ਬਹੁਤੇ ਕਿਸਾਨ ਇਕ ਜੂਨ ਤੋਂ ਝੋਨਾ ਲਗਾਉਣ ਦੇ ਹੱਕ 'ਚ ਨਹੀਂ
ਪੰਜਾਬ ਸਰਕਾਰ ਵਲੋਂ ਭਾਵੇਂ ਬਿਜਲੀ ਸਪਲਾਈ, ਨਹਿਰੀ ਪਾਣੀ ਅਤੇ ਝੋਨੇ ਵਿਚ ਨਮੀ ਦੀ ਮਾਤਰਾ ਨੂੰ ਸਹੀ ਕਰਨ ਲਈ ਇਸ ਵਾਰ 1 ਜੂਨ ਤੋਂ ਪਹਿਲੇ ਜ਼ੋਨ ਦੇ ਕਿਸਾਨਾਂ ਨੂੰ ਝੋਨਾ ਲਗਾਉਣਾ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਜੋ ਪਿਛਲੇ ਸਾਲ ਨਾਲੋਂ 10 ਦਿਨ ਅਗੇਤਾ ਹੈ, ਪਰ ਬਹੁਤ ਸਾਰੇ ਕਿਸਾਨ ਏਨਾ ਅਗੇਤਾ ਝੋਨਾ ਲਗਾਉਣ ਤੋਂ ਖ਼ੁਸ਼ ਨਹੀਂ | ਪਿੰਡ ਭਾਂਬਰੀ ਦੇ ਇਕ ਕਿਸਾਨ ਕਰਮ ਸਿੰਘ ਗਿੱਲ ਜੋ ਤਕਰੀਬਨ 200 ਏਕੜ ਝੋਨਾ ਲਗਾੳਾੁਦਾ ਹੈ, ਨੇ ਦੱਸਿਆ ਕਿ ਏਨਾ ਜ਼ਿਆਦਾ ਅਗੇਤਾ ਝੋਨਾ ਲਗਾਉਣਾ ਸ਼ੁਰੂ ਕਰਨ ਨਾਲ ਲੇਬਰ ਦੀ ਬਹੁਤ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ ਕਿਉਂਕਿ ਅਜੇ ਉਨ੍ਹਾਂ ਦੇ ਇਲਾਕੇ ਵਿਚ ਮੱਕੀ ਦੀ ਕਟਾਈ ਵੀ ਸ਼ੁਰੂ ਨਹੀਂ ਹੋਈ ਤੇ ਕੁਝ ਇਲਾਕਿਆਂ ਵਿਚ ਝੋਨੇ ਦੀ ਲਵਾਈ ਸ਼ੁਰੂ ਹੋ ਜਾਣ ਕਾਰਨ ਮਜ਼ਦੂਰ ਝੋਨਾ ਵਾਲੇ ਖੇਤਰਾਂ ਨੂੰ ਤਰਜੀਹ ਦੇ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਮੱਕੀ ਸੰਭਾਲਣ ਲਈ ਮਜ਼ਦੂਰਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਂਝ ਵੀ ਦੂਜੇ ਪਾਸੇ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਘੱਟ ਸਮੇਂ ਵਿਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਸਭ ਤੋਂ ਵਧੀਆ ਕੁਆਲਿਟੀ ਜੂਨ ਦੇ ਅੰਤਲੇ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਬਣਦੀ ਹੈ ਅਤੇ ਇਸ ਅਰਸੇ ਵਿਚ ਹੀ ਝਾੜ ਵੀ ਸਭ ਤੋਂ ਜ਼ਿਆਦਾ ਆਉਂਦਾ ਹੈ ਜਦੋਂ ਕਿ ਜੂਨ ਦੇ ਪਹਿਲੇ ਹਫ਼ਤੇ ਲੱਗੀਆਂ ਇਨ੍ਹਾਂ ਕਿਸਮਾਂ ਦਾ ਝਾੜ ਅਤੇ ਕੁਆਲਿਟੀ ਦੋਵੇਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਜੰਗ ਦੇ ਨਾਂਅ 'ਤੇ ਕੀਤੀ ਜਾ ਰਹੀ ਸਿਆਸਤ ਖ਼ਿਲਾਫ਼ ਲੋਕ ਲਾਮਬੰਦ ਹੋਣ-ਦੀਪਾਂਕਰ ਭੱਟਾਚਾਰੀਆ ਅਗਲੀ ਖ਼ਬਰ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਹੁਨਰਮੰਦ ਬਣਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇਗੀ ਪੰਜਾਬ ਸਰਕਾਰ-ਅਮਨ ਅਰੋੜਾ <br/>...
Ad Position 24