ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਤੇਜ਼ <br/>
ਅਜੀਤ ਡੈਸਕ
23-09-2025
ਝੋਨੇ ਦੀ ਆਮਦ ਵਿਚ ਕਪੂਰਥਲਾ ਪਹਿਲੇ, ਐਸ. ਏ. ਐਸ. ਨਗਰ ਦੂਜੇ ਸਥਾਨ 'ਤੇ-
ਅਜੇ ਜਦੋਂ ਪੰਜਾਬ ਵਿਚ ਝੋਨੇ ਦੀ ਫ਼ਸਲ ਪੱਕ ਹੀ ਰਹੀ ਹੈ ਤਾਂ ਹਾਲ ਦੀ ਘੜੀ ਮੰਡੀਆਂ ਵਿਚ ਫ਼ਸਲ ਦੀ ਆਮਦ ਵਿਚ ਜ਼ਿਲ੍ਹਾ ਕਪੂਰਥਲਾ ਪਹਿਲੇ ਸਥਾਨ 'ਤੇ ਹੈ ਜਿੱਥੇ ਹੁਣ ਤੱਕ 3908.50 ਮੀ. ਟਨ ਝੋਨੇ ਦੀ ਆਮਦ ਹੋਈ ਹੈ | ਐਸ. ਏ. ਐਸ. ਨਗਰ 2221.50 ਮੀ. ਟਨ ਨਾਲ ਦੂਜੇ ਸਥਾਨ ਤੇ ਅਤੇ ਪਟਿਆਲਾ 1380 ਮੀ. ਟਨ ਨਾਲ ਤੀਜੇ ਸਥਾਨ 'ਤੇ ਹੈ | ਅਜੇ ਤੱਕ ਪੰਜਾਬ ਦੇ 13 ਜ਼ਿਲਿ੍ਹਆਂ ਵਿਚ ਝੋਨੇ ਦੀ ਆਮਦ ਸ਼ੁਰੂ ਨਹੀਂ ਹੋਈ ਜਦੋਂ ਕਿ ਬਾਕੀ 8 ਜ਼ਿਲਿ੍ਹਆਂ ਵਿਚੋਂ ਅੰਮਿ੍ਤਸਰ ਵਿਚ 1312.75, ਜਲੰਧਰ ਵਿਚ 652.70, ਫ਼ਤਿਹਗੜ੍ਹ ਸਾਹਿਬ ਵਿਚ 419.98, ਐਸ. ਬੀ. ਐਸ. ਨਗਰ ਵਿਚ 300, ਫ਼ਿਰੋਜਪੁਰ ਵਿਚ 103, ਹੁਸ਼ਿਆਰਪੁਰ ਵਿਚ 70, ਰੂਪ ਨਗਰ ਵਿਚ 26 ਅਤੇ ਮਾਨਸਾ ਦੀਆਂ ਮੰਡੀਆਂ ਵਿਚ 18 ਮੀ. ਟਨ ਝੋਨਾ ਹੀ ਆਇਆ ਹੈ |
ਝੋਨੇ ਦੀ ਇਸ ਖ਼ਰੀਦ ਵਿਚੋਂ ਪਨਗਰੇਨ ਨੇ 3326.56 ਮੀ. ਟਨ, ਮਾਰਕਫ਼ੈਡ ਨੇ 2143.75, ਪਨਸਪ ਨੇ 974 ਅਤੇ ਪੰਜਾਬ ਵੇਅਰ ਹਾਊਸ ਵਿਚ 587.62 ਮੀ. ਟਨ ਝੋਨੇ ਦੀ ਖ਼ਰੀਦ ਕੀਤੀ ਹੈ | ਜਦੋਂ ਕਿ ਕੇਂਦਰੀ ਖ਼ਰੀਦ ਏਜੰਸੀ ਐਫ. ਸੀ. ਆਈ ਨੇ ਅਜੇ ਖਰੀਦ ਸ਼ੁਰੂ ਨਹੀਂ ਕੀਤੀ |
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿਚ ਬਾਸਮਤੀ ਦੀ ਖ਼ਰੀਦ ਤੇਜ਼
ਇਸ ਦਰਮਿਆਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਐਮ. ਐਸ. ਪੀ. 'ਤੇ ਖਰੀਦੇ ਜਾਣ ਵਾਲੇ ਪਰਮਲ ਝੋਨੇ ਦੀ ਆਮਦ ਨਾ-ਮਾਤਰ ਹੈ ਪਰ ਬਾਸਮਤੀ ਦੀ ਖ਼ਰੀਦ ਤੇਜ ਹੋ ਗਈ ਹੈ | ਅੱਜ ਸ਼ਾਮ ਤੱਕ ਖੰਨਾ ਮੰਡੀ ਵਿਚੋਂ 64 ਹਜਾਰ 828.05 ਕੁਇੰਟਲ ਬਾਸਮਤੀ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ ਜੋ ਘੱਟੋ-ਘੱਟ 2850 ਰੁਪਏ ਅਤੇ ਵੱਧ ਤੋਂ ਵੱਧ 3340 ਰੁਪਏ ਪ੍ਰਤੀ ਕੁਇੰਟਲ ਵਿਕੀ ਹੈ |