ਅੰਮਿ੍ਤਸਰ, 22 ਸਤੰਬਰ (ਜਸਵੰਤ ਸਿੰਘ ਜੱਸ)-ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕੀਤੇ ਜਾ ਰਹੇ ਰਾਹਤ ਕਾਰਜਾਂ ਤੇ ਸੰਗਤਾਂ ਵਲੋਂ ਰਾਹਤ ਫੰਡ ਲਈ ਭੇਜੀ ਜਾ ਰਹੀ ਵਿੱਤੀ ਸਹਾਇਤਾ ਦੇ ਵੇਰਵਿਆਂ ਨੂੰ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਸੰਸਥਾ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੇ ਮੱਦੇਨਜ਼ਰ ਸੰਗਤਾਂ ਦੀ ਮੰਗ ਤੇ ਲੋੜਾਂ ਨੂੰ ਮੁੱਖ ਰੱਖਦਿਆਂ ਰਾਹਤ ਕਾਰਜ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਰਾਹਤ ਕਾਰਜਾਂ ਲਈ 20 ਕਰੋੜ ਰੁਪਏ ਰਾਖਵੇਂ ਰੱਖੇ ਹਨ ਤੇ ਸੰਗਤਾਂ ਵਲੋਂ ਵੀ ਵੱਡਾ ਸਹਿਯੋਗ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ 19 ਸਤੰਬਰ ਤੱਕ ਮੈਂਬਰਾਂ, ਮੁਲਾਜ਼ਮਾਂ ਤੇ ਸੰਗਤਾਂ ਰਾਹੀਂ 6 ਕਰੋੜ 9 ਲੱਖ 49 ਹਜ਼ਾਰ ਤੋਂ ਵੱਧ ਦੀ ਰਕਮ ਸ਼੍ਰੋਮਣੀ ਕਮੇਟੀ ਕੋਲ ਆਈ ਹੈ | ਜਦੋਂਕਿ 19 ਸਤੰਬਰ ਤੱਕ ਹੋਏ ਖ਼ਰਚਿਆਂ ਵਿਚ ਰਾਹਤ ਕਾਰਜਾਂ ਲਈ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ 91 ਲੱਖ 4 ਹਜ਼ਾਰ ਰੁਪਏ ਤੋਂ ਵੱਧ ਦੇ ਖ਼ਰਚਿਆਂ ਦੇ ਨਾਲ-ਨਾਲ 23 ਲੱਖ 26 ਹਜ਼ਾਰ ਤੋਂ ਵੱਧ ਮੈਡੀਕਲ ਸੇਵਾਵਾਂ ਦਾ ਖ਼ਰਚ ਸ਼ਾਮਲ ਹੈ | ਉਨ੍ਹਾਂ ਦੱਸਿਆ ਕਿ ਹੜ੍ਹਾਂ ਨਾਲ ਨੁਕਸਾਨੇ ਬੰਨ੍ਹਾਂ ਦੀ ਮਜ਼ਬੂਤੀ ਲਈ ਕਾਰਜ ਕਰ ਰਹੀਆਂ ਸੰਗਤਾਂ ਨੂੰ ਹੁਣ ਤੱਕ 22 ਹਜ਼ਾਰ ਲੀਟਰ ਡੀਜ਼ਲ ਵੰਡਿਆ ਜਾ ਚੁੱਕਾ ਹੈ | ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੀ ਬਿਜਾਈ ਸਮੇਂ ਡੀਜ਼ਲ ਅਤੇ ਮਿਆਰੀ ਬੀਜ ਦੇਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ | ਇਸ ਮੌਕੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਅਮਰੀਕ ਸਿੰਘ ਵਿਛੋਆ, ਰਣਜੀਤ ਸਿੰਘ ਕਾਹਲੋਂ, ਸਤਪਾਲ ਸਿੰਘ ਤਲਵੰਡੀ ਭਾਈ, ਤਰਸੇਮ ਸਿੰਘ ਰਤੀਆ, ਓ.ਐੱਸ.ਡੀ. ਸਤਬੀਰ ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ ਆਦਿ ਮੌਜੂਦ ਸਨ |