ਅਮਲੋਹ, 27 ਸਤੰਬਰ (ਹਰਪ੍ਰੀਤ ਸਿੰਘ ਗਿੱਲ)-ਪੰਜਾਬ 'ਚ ਪਰਾਲੀ ਨੂੰ ਸੰਭਾਲਣ ਲਈ ਸਰਕਾਰ ਵਲੋਂ ਦਿੱਤੀਆਂ ਸਬਸਿਡੀਆਂ ਅਤੇ ਕਿਸਾਨਾਂ ਵਿਚ ਪੈਦਾ ਕੀਤੀ ਜਾਗਰੂਕਤਾ ਨੇ ਪੁਰਾਣੇ ਹਾਲਾਤ ਵਿਚ ਕਾਫ਼ੀ ਸੁਧਾਰ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਇਸ ਵਾਰ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਵੱਡੇ ਪੱਧਰ 'ਤੇ ਕਮੀ ਆਉਣ ਦੇ ਆਸਾਰ ਹਨ | ਵਰਨਣਯੋਗ ਹੈ ਕਿ ਇਸ ਸਾਲ ਰਾਜ ਵਿਚ ਤਕਰੀਬਨ 32.49 ਲੱਖ ਹੈਕਟੇਅਰ ਰਕਬੇ 'ਤੇ ਝੋਨੇ ਦੀ ਕਾਸ਼ਤ ਹੋਈ ਹੈ ਜਿਸ ਵਿਚੋਂ ਲਗਭਗ 18-20 ਮਿਲੀਅਨ ਟਨ (ਸੁੱਕੀ) ਪਰਾਲੀ ਪੈਦਾ ਹੋਣ ਦੀ ਸੰਭਾਵਨਾ ਹੈ | ਅੰਕੜਿਆਂ ਅਨੁਸਾਰ ਅਗਸਤ 2025 ਤੱਕ ਪੰਜਾਬ 'ਚ 11 ਬਾਇਓਮਾਸ ਪਾਵਰ ਪਲਾਂਟ ਚੱਲ ਰਹੇ ਹਨ, ਜਿਨ੍ਹਾਂ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ 97.5 ਮੈਗਾਵਾਟ ਹੈ | ਇਹ ਪਲਾਂਟ ਹਰ ਸਾਲ ਲਗਪਗ 8.8 ਲੱਖ ਟਨ ਮੈਟਿ੍ਕ ਟਨ ਪਰਾਲੀ ਦੀ ਵਰਤੋਂ ਕਰਦੇ ਹਨ | ਇਸ ਤੋਂ ਇਲਾਵਾ ਪਰਾਲੀ ਨੂੰ ਕੰਪ੍ਰੈਸ ਕਰਕੇ ਗਟਕਾ ਬਣਾਉਣ ਵਾਲੀਆਂ ਯੂਨਿਟਾਂ ਵੀ 8 ਲੱਖ ਟਨ ਤੋਂ ਵੱਧ ਪਰਾਲੀ ਦੀ ਖ਼ਪਤ ਕਰ ਰਹੀਆਂ ਹਨ | ਸੂਤਰਾਂ ਅਨੁਸਾਰ ਕੁੱਲ ਮਿਲਾ ਕੇ ਲਗਪਗ 17 ਲੱਖ ਟਨ ਪਰਾਲੀ ਹੁਣ ਉਦਯੋਗਿਕ ਵਰਤੋਂ ਅਤੇ ਊਰਜਾ ਉਤਪਾਦਨ ਵਿਚ ਲਿਆਂਦੀ ਜਾ ਰਹੀ ਹੈ | ਸਰਕਾਰ ਵਲੋਂ ਪਰਾਲੀ ਦੀ ਸੰਭਾਲ ਲਈ ਛੋਟੀ ਤੇ ਦਰਮਿਆਨੀ ਮਸ਼ੀਨਰੀ ਲਈ 40 ਤੋਂ 60 ਫ਼ੀਸਦੀ ਅਤੇ ਵੱਡੀਆਂ ਮਸ਼ੀਨਾਂ 'ਤੇ 60 ਤੋਂ 65 ਫ਼ੀਸਦੀ ਤੱਕ ਦਿੱਤੀ ਜਾਣ ਵਾਲੀ ਸਬਸਿਡੀ ਤਹਿਤ 2025 ਤੱਕ ਪੰਜਾਬ 'ਚ ਕੁੱਲ 1.48 ਲੱਖ ਕ੍ਰਾਪ ਰੇਜ਼ਿਡੂ ਮੈਨੇਜਮੈਂਟ ਸੀ.ਆਰ.ਐਮ. ਮਸ਼ੀਨਾਂ ਕਿਸਾਨਾਂ ਵਿਚ ਵੰਡੀਆਂ ਗਈਆਂ ਹਨ | ਇਨ੍ਹਾਂ ਮਸ਼ੀਨਾਂ ਵਿਚ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਰੋਟਾਵੇਟਰ ਅਤੇ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨਰੀ ਸ਼ਾਮਿਲ ਹੈ | ਇਸ ਸਾਲ ਪੰਜਾਬ ਸਰਕਾਰ ਨੇ ਕੁੱਲ 15,613 ਸੀ.ਆਰ.ਐਮ. ਮਸ਼ੀਨਾਂ ਮਨਜ਼ੂਰ ਕੀਤੀਆਂ ਹਨ, ਜਿਨ੍ਹਾਂ ਵਿਚੋਂ ਹੁਣ ਤੱਕ 12,500 ਮਸ਼ੀਨਾਂ ਕਿਸਾਨਾਂ ਵਲੋਂ ਖ਼ਰੀਦੀਆਂ ਗਈਆਂ ਹਨ | ਇਸੇ ਦੌਰਾਨ ਕਿਸਾਨਾਂ 'ਚ ਇਸ ਵਾਰ ਪਰਾਲੀ ਨੂੰ ਖੇਤਾਂ ਵਿਚ ਰਲਾ ਕੇ ਹੀ ਅਗਲੀ ਫ਼ਸਲ ਬੀਜਣ ਦਾ ਰੁਝਾਨ ਤੇਜ਼ੀ ਨਾਲ ਵੱਧਦਾ ਦਿਖਾਈ ਦਿੱਤਾ | ਪਿੰਡ ਸਲਾਣਾ ਦੇ ਕਿਸਾਨ ਸਿੰਗਾਰਾ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਨਾਲ ਨਾ ਸਿਰਫ਼ ਖੇਤਾਂ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ, ਸਗੋਂ ਸਮੇਂ ਦੀ ਵੀ ਬੱਚਤ ਹੁੰਦੀ ਹੈ | ਪਰਾਲੀ ਵਾਹੁਣ ਦੇ ਇਸ ਰੁਝਾਨ ਦਾ ਸਿੱਧਾ ਅਸਰ ਉਨ੍ਹਾਂ ਲੋਕਾਂ 'ਤੇ ਪੈਣ ਦੀ ਸੰਭਾਵਨਾ ਹੈ ਜਿਨ੍ਹਾਂ ਨੇ ਲੱਖਾਂ ਰੁਪਏ ਖ਼ਰਚ ਕਰਕੇ ਗੱਠਾਂ ਬਣਾਉਣ ਵਾਲੀ ਮਸ਼ੀਨਰੀ ਖ਼ਰੀਦੀ ਹੈ ਅਤੇ ਪਾਵਰ ਪਲਾਂਟਾਂ ਨਾਲ ਸਪਲਾਈ ਦੇ ਸਮਝੌਤੇ ਵੀ ਕੀਤੇ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਗੱਠਾਂ ਬਣਾਉਣ ਦੀ ਪ੍ਰਕਿਰਿਆ ਵਿਚ ਕਈ ਵਾਰ ਹਫ਼ਤੇ ਲੱਗ ਜਾਂਦੇ ਹਨ, ਜਿਸ ਕਾਰਨ ਅਗਲੀ ਫ਼ਸਲਾਂ ਦੀ ਬਿਜਾਈ ਪੱਛੜ ਜਾਂਦੀ ਹੈ | ਇਸ ਦੇ ਬਦਲ ਵਜੋਂ ਪਰਾਲੀ ਨੂੰ ਖੇਤਾਂ ਵਿਚ ਰਲਾਉਣ ਨਾਲ ਕੰਮ ਤੇਜ਼ੀ ਨਾਲ ਨਿਪਟ ਜਾਂਦਾ ਹੈ |