ਨਵੀਂ ਦਿੱਲੀ, 19 ਅਕਤੂਬਰ (ਉਪਮਾ ਡਾਗਾ ਪਾਰਥ)-ਤਿਉਹਾਰੀ ਸੀਜ਼ਨ 'ਚ ਵਿੱਤ ਮੰਤਰਾਲੇ ਨੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਜੀ.ਐਸ.ਟੀ.ਆਰ.-3ਬੀ ਦੀ ਫਾਇਲਿੰਗ ਦੀ ਤਰੀਕ ਵਧਾ ਕੇ 25 ਅਕਤੂਬਰ 2025 ਕਰਨ ਦਾ ਐਲਾਨ ਕਰ ਦਿੱਤਾ | ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਜੁਲਾਈ ਤੋਂ ਸਤੰਬਰ ਤੱਕ ਦੀ ਤਿਮਾਹੀ ਅਤੇ ਸਤੰਬਰ ਮਹੀਨੇ ਦੋਹਾਂ ਸਮਾਂ ਹੱਦਾਂ ਲਈ ਜੀ.ਐਸ.ਟੀ.ਆਰ.-3ਬੀ ਭੁਗਤਾਨ ਤਰੀਕ 25 ਅਕਤੂਬਰ ਕਰ ਦਿੱਤੀ ਗਈ | ਹਾਲ ਹੀ 'ਚ ਬਾਂਬੇ ਚਾਰਟਿਡ ਅਕਾਊਾਟੈਂਟ ਸੁਸਾਇਟੀ ਨੇ ਇਸ ਸੰਬੰਧ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਚਿੱਠੀ ਲਿਖ ਕੇ ਜੀ.ਐਸ.ਟੀ.-ਆਰ.-3ਬੀ ਰਿਟਰਨ ਦਾਖ਼ਲ ਕਰਨ ਅਤੇ ਸਤੰਬਰ 2025 ਨੂੰ ਖ਼ਤਮ ਹੋਣ ਵਾਲੇ ਮਹੀਨੇ ਅਤੇ ਤਿਮਾਹੀ ਲਈ ਦੇਣਦਾਰੀਆਂ ਭਰਨ ਦਾ ਸਮਾਂ ਹੱਦ ਵਧਾਉਣ ਦੀ ਅਪੀਲ ਕੀਤੀ ਸੀ | ਇਸ ਲਈ ਤਿਉਹਾਰੀ ਸੀਜ਼ਨ ਕਾਰਨ ਟੈਕਸ ਅਦਾ ਕਰਨ ਵਾਲਿਆਂ ਨੂੰ ਆਉਣ ਵਾਲੀਆਂ ਪ੍ਰੈਕਟੀਕਲ ਦਿੱਕਤਾਂ ਬਾਰੇ ਦੱਸਿਆ ਗਿਆ ਸੀ | ਜ਼ਿਕਰਯੋਗ ਹੈ ਜੀ.ਐਸ.ਟੀ.,ਆਰ.-3ਬੀ ਰਿਟਰਨ ਦਾ ਉਦੇਸ਼ ਟੈਕਸ ਭਰਨ ਵਾਲੇ ਲਈ ਕਿਸੇ ਵੀ ਵਿਸ਼ੇਸ਼ ਟੈਕਸ ਮਿਆਦ ਲਈ ਜੀ.ਐਸ.ਟੀ. ਦੇਣਦਾਰੀਆਂ ਦਾ ਐਲਾਨ ਕਰਨਾ ਹੈ | ਕਿਸੇ ਵੀ ਆਮ ਟੈਕਸ ਭਰਨ ਵਾਲੇ ਨੂੰ ਹਰ ਟੈਕਸ ਮਿਆਦ ਲਈ ਫਾਰਮ ਜੀ.ਐਸ.ਟੀ.ਆਰ.-3ਬੀ ਰਿਟਰਨ ਭਰਨਾ ਲਾਜ਼ਮੀ ਹੈ ਭਾਵੇਂ ਉਸ ਦਾ ਟੈਕਸ ਬਣਦਾ ਹੋਵੇ ਜਾਂ ਨਾ |