ਸੰਗਤ ਮੰਡੀ (ਬਠਿੰਡਾ), 3 ਨਵੰਬਰ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੇ ਪਿੰਡ ਬਾਂਡੀ ਵਿਖੇ ਚਿੱਟੇ ਦੇ ਟੀਕੇ ਲਾਉਣ ਨਾਲ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪਿੰਡ ਬਾਂਡੀ ਦੇ ਮੌਜੂਦਾ ਪੰਚ ਸਵਰਨ ਸਿੰਘ, 'ਆਪ' ਆਗੂ ਮਨਜੀਤ ਸਿੰਘ ਢਿੱਲੋਂ, ਸਾਬਕਾ ਪੰਚ ਹਰਚਰਨ ਸਿੰਘ, ਜੀਤ ਰਾਮ, ਛੋਟਾ ਰਾਮ, ਪਿੰਡ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ, ਗੁਰਲਾਭ ਸਿੰਘ ਅਤੇ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਾਸੀ ਜਸਵਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਉਰਫ਼ ਜੱਗੂ ਅਤੇ ਨਿੱਕਾ ਸਿੰਘ ਪੁੱਤਰ ਜਗਸੀਰ ਸਿੰਘ ਦੀ ਪਿੰਡ ਦੀ ਧਰਮਸ਼ਾਲਾ ਵਿਖੇ ਨਸ਼ੇ ਦੇ ਟੀਕੇ ਲਗਾਏ ਜਾਣ ਕਾਰਨ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਰਾਤ ਸਮੇਂ ਉਸ ਦੀ ਭਾਲ ਕਰਦੇ ਹੋਏ ਪਿੰਡ ਵਾਸੀਆਂ ਸਮੇਤ ਧਰਮਸ਼ਾਲਾ ਪੁੱਜੇ ਤਾਂ ਨਸ਼ੇ ਦੇ ਲੱਗੇ ਟੀਕੇ ਸਮੇਤ ਉੱਥੇ ਮਿ੍ਤਕ ਹਾਲਤ 'ਚ ਪਿਆ ਸੀ, ਜਿਸ ਨੂੰ ਉਹ ਆਪਣੇ ਘਰ ਲੈ ਗਏ | ਉਨ੍ਹਾਂ ਅੱਗੇ ਦੱਸਿਆ ਕਿ ਸਵੇਰ ਹੋਣ 'ਤੇ ਉਕਤ ਧਰਮਸ਼ਾਲਾ ਵਿਚ ਨਿੱਕਾ ਸਿੰਘ ਦੀ ਮਿ੍ਤਕ ਦੇਹ ਵੀ ਉਸੇ ਹਾਲਤ 'ਚ ਮਿਲੀ | ਇਸ ਮੌਕੇ ਮਿ੍ਤਕ ਜਸਵਿੰਦਰ ਸਿੰਘ ਦੇ ਪਿਤਾ ਜਗਸੀਰ ਸਿੰਘ ਉਰਫ਼ ਜੱਗੂ, ਭੂਆ ਰਾਣੀ ਕੌਰ, ਮਜ਼ਦੂਰ ਆਗੂ ਮਹਿੰਗਾ ਸਿੰਘ ਬਾਂਡੀ, ਹਰਮੰਦਰ ਸਿੰਘ ਸਰਾਂ, ਹਰਦੀਪ ਸਿੰਘ, ਗੁਰਪਿਆਰ ਸਿੰਘ, ਲਾਭ ਸਿੰਘ ਆਦਿ ਹੋਰ ਵੀ ਪਿੰਡ ਵਾਸੀ ਮੌਜੂਦ ਸਨ |
ਚਿੱਟੇ ਦੇ ਟੀਕੇ ਨਾਲ ਦੋ ਨੌਜਵਾਨਾਂ ਦੀ ਮੌਤ <br/>
ਅਜੀਤ ਡੈਸਕ
04-11-2025