ਫਿਲੌਰ (ਜਲੰਧਰ), 3 ਨਵੰਬਰ (ਵਿਪਨ ਗੈਰੀ)-ਥਾਣਾ ਫਿਲੌਰ ਦੀ ਪੁਲਿਸ ਨੇ ਇਕ ਨਾਬਾਲਗ ਲੜਕੀ ਨਾਲ ਹੋਏ ਜਬਰ ਜਨਾਹ ਦੇ ਮਾਮਲੇ 'ਚ ਇਕ ਜ਼ੀਰੋ ਨੰਬਰ ਮੁਕੱਦਮਾ ਦਰਜ ਕੀਤਾ ਹੈ | ਮੁਕੱਦਮੇ ਸੰਬੰਧੀ ਮਿਲੀ ਜਾਣਕਾਰੀ ਮੁਤਾਬਿਕ ਇਕ 14 ਸਾਲਾ ਨਾਬਾਲਗ ਲੜਕੀ ਨੇ ਮੁਕੱਦਮੇ 'ਚ ਦਿੱਤੇ ਬਿਆਨਾ 'ਚ ਦੱਸਿਆ ਕਿ ਉਸ ਨੇ ਫਿਲੌਰ ਦੇ ਸਿਵਲ ਹਸਪਤਾਲ ਵਿਚ ਇਕ ਲੜਕੇ ਨੂੰ ਜਨਮ ਦਿੱਤਾ ਹੈ ਜੋ ਜਨਮ ਲੈਣ ਦੇ ਕੁਝ ਦਿਨ ਮਗਰੋਂ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ | ਉਸ ਨੇ ਦੱਸਿਆ ਕਿ ਉਹ ਆਪਣੇ ਪੁਰਾਣੇ ਪਿੰਡ ਜਿੱਥੇ ਆਪਣੀ ਮਾਤਾ ਨਾਲ ਕੰਮ ਕਰਦੀ ਸੀ ਉੱਥੇ ਹੀ ਇਕ ਅੰਕਲ ਨੇ ਉਸ ਨਾਲ ਸਰੀਰਕ ਸੰਬੰਧ ਬਣਾ ਲਏ ਤੇ ਉਹ ਗਰਭਵਤੀ ਹੋ ਗਈ ਤੇ ਉਹ ਅੰਕਲ ਦਾ ਨਾਂਅ ਪਤਾ ਨਹੀਂ ਜਾਣਦੀ, ਜਿਸ ਮਗਰੋਂ ਉਹ ਆਪਣੇ ਮਾਮੇ ਦੇ ਘਰ ਫਿਲੌਰ ਦੇ ਕਿਸੇ ਪਿੰਡ ਆ ਗਈ | ਜਿੱਥੇ ਮਿਤੀ 18 ਅਕਤੂਬਰ ਨੂੰ ਅਚਾਨਕ ਉਸ ਦੇ ਪੇਟ ਵਿਚ ਦਰਦ ਹੋਇਆ ਜਿਸ ਮਗਰੋਂ ਮੇਰੇ ਮਾਮੇ ਅਤੇ ਮਾਂ ਨੇ ਮੈਨੂੰ ਐਂਬੂਲੈਂਸ ਰਾਹੀ ਹਸਪਤਾਲ ਲਿਜਾਉਣ ਦੀ ਕੋਸ਼ਿਸ਼ ਕੀਤੀ ਪਰ ਰਸਤੇ ਵਿਚ ਹੀ ਮੈਂ ਬੱਚੇ ਨੂੰ ਜਨਮ ਦੇ ਦਿੱਤਾ | ਜਿਸ ਮਗਰੋਂ ਫਿਲੌਰ ਦੇ ਸਿਵਲ ਹਸਪਤਾਲ ਪਹੁੰਚਦੇ ਹੀ ਡਾਕਟਰਾਂ ਵਲੋਂ ਮੈਨੂੰ ਮੁੱਢਲੀ ਸਹਾਇਤਾ ਦੇ ਕੇ ਜਲੰਧਰ ਦੇ ਸਿਵਲ ਹਸਪਤਾਲ ਭੇਜ ਦਿੱਤਾ | ਜਿੱਥੇ ਮੇਰੇ ਜਨਮੇ ਲੜਕੇ ਦੀ 7 ਵਜੇ ਮੌਤ ਹੋ ਗਈ, ਜਿਸ ਦੀ ਮਿ੍ਤਕ ਦੇਹ ਨੂੰ ਮੇਰੇ ਮਾਮੇ ਅਤੇ ਮਾਂ ਨੇ ਜਲੰਧਰ ਦੇ ਕਿਸੇ ਸ਼ਮਸ਼ਾਨ ਘਾਟ ਵਿਚ ਦਫ਼ਨਾ ਦਿੱਤਾ | ਜਾਣਕਾਰੀ ਮੁਤਾਬਿਕ ਉਕਤ ਮਾਮਲੇ 'ਚ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਕਿਸੇ ਥਾਣੇ ਦੀ ਪੁਲਿਸ ਨੇ ਸ਼ਮਸ਼ਾਨ ਘਾਟ 'ਚ ਦਫ਼ਨਾਏ ਬੱਚੇ ਦੀ ਮਿ੍ਤਕ ਦੇਹ ਨੂੰ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਅੱਗੇ ਹੋਰ ਜਾਂਚ ਕੀਤੀ ਜਾ ਰਹੀ ਹੈ |