ਨਵੀਂ ਸ਼ਰਾਬ ਨੀਤੀ ਦੀਆਂ ਤਿਆਰੀਆਂ ਕਰਨ ਲੱਗਾ ਆਬਕਾਰੀ ਵਿਭਾਗ <br/>
ਅਜੀਤ ਡੈਸਕ
07-12-2025
ਸ਼ਿਵ ਸ਼ਰਮਾ
ਜਲੰਧਰ, 6 ਦਸੰਬਰ-ਸਾਲ 2025-26 ਦੀ ਸ਼ਰਾਬ ਦਾ ਕਾਰੋਬਾਰ 31 ਮਾਰਚ ਨੂੰ ਖ਼ਤਮ ਹੋਣਾ ਹੈ ਪਰ ਆਬਕਾਰੀ ਵਿਭਾਗ ਨੇ ਸਾਲ 2026-27 ਦੀ ਸ਼ਰਾਬ ਨੀਤੀ ਤਿਆਰ ਕਰਨ ਦੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ | ਜਿਸ ਕਰਕੇ ਆਬਕਾਰੀ ਵਿਭਾਗ ਨਵੀਂ ਸ਼ਰਾਬ ਨੀਤੀ ਤਿਆਰ ਕਰਨ ਨੂੰ ਲੈ ਕੇ ਨਾ ਸਿਰਫ਼ ਆਪਣੇ ਅਫ਼ਸਰਾਂ ਤੋਂ ਸਗੋਂ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਤੋਂ ਵੀ ਸੁਝਾਅ ਲੈ ਰਿਹਾ ਹੈ ਕਿ ਸੂਬੇ ਵਿਚ ਸ਼ਰਾਬ ਕਾਰੋਬਾਰ ਤੋਂ ਆਮਦਨ ਵਿਚ ਹੋਰ ਵਾਧਾ ਕੀਤਾ ਜਾ ਸਕੇ ਤੇ ਇਸ ਤੋਂ ਇਲਾਵਾ ਨਾਜਾਇਜ ਸ਼ਰਾਬ ਦੀ ਵਿਕਰੀ ਰੋਕਣ ਲਈ ਕਿਸੇ ਤਰ੍ਹਾਂ ਨਾਲ ਨਿਗਰਾਨੀ ਕੀਤੀ ਜਾ ਸਕਦੀ ਹੈ | ਆਬਕਾਰੀ ਵਿਭਾਗ ਵਲੋਂ ਨਵੀਂ ਨੀਤੀ 'ਤੇ ਚਰਚਾ ਕਰਨ ਲਈ ਅਲੱਗ-ਅਲੱਗ ਕਮੇਟੀਆਂ ਬਣਾਈਆਂ ਗਈਆਂ ਹਨ | ਆਬਕਾਰੀ ਵਿਭਾਗ ਨਵੀਂ ਸ਼ਰਾਬ ਨੀਤੀ ਬਣਾਉਣ ਤੋਂ ਪਹਿਲਾਂ ਕਈ ਸੂਬਿਆਂ ਵਿਚ ਆਪਣੇ ਅਫ਼ਸਰ ਭੇਜ ਕੇ ਉੱਥੇ ਦੀ ਸ਼ਰਾਬ ਨੀਤੀ ਅਤੇ ਉਸ ਤੋਂ ਆ ਰਹੀ ਆਮਦਨ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦਾ ਹੈ ਤੇ ਜਾਣਕਾਰੀ ਲੈ ਕੇ ਪੰਜਾਬ ਵਿਚ ਆਮਦਨ ਵਧਾਉਣ ਲਈ ਫ਼ਾਇਦੇਮੰਦ ਸਮਝੀਆਂ ਜਾਂਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ | ਇਸ ਤੋਂ ਪਹਿਲਾਂ ਆਬਕਾਰੀ ਵਿਭਾਗ ਦੀਆਂ ਟੀਮਾਂ ਦੱਖਣੀ ਰਾਜਾਂ ਤੋਂ ਇਲਾਵਾ ਬੰਗਾਲ, ਰਾਜਸਥਾਨ ਵੀ ਜਾਂਦੇ ਰਹੇ ਹਨ | ਸੂਬੇ 'ਚ ਨਾਜਾਇਜ ਸ਼ਰਾਬ ਨੂੰ ਰੋਕਣ ਦਾ ਕੰਮ ਹਰੇਕ ਸਰਕਾਰ ਲਈ ਚੁਣੌਤੀ ਬਣਦਾ ਰਿਹਾ ਹੈ ਤੇ ਕਈ ਬਾਰ ਸਖ਼ਤੀ ਦੇ ਬਾਵਜੂਦ ਨਾਜਾਇਜ ਸ਼ਰਾਬ ਜ਼ਬਤ ਕੀਤੀ ਜਾਂਦੀ ਰਹੀ ਹੈ ਤੇ ਇਸ ਬਾਰ ਆਬਕਾਰੀ ਵਿਭਾਗ ਆਉਣ ਵਾਲੇ ਸਮੇਂ ਵਿਚ ਹੋਰ ਵੀ ਸਖ਼ਤ ਕਦਮ ਉਠਾ ਸਕਦਾ ਹੈ | ਆਬਕਾਰੀ ਵਿਭਾਗ ਕੋਲ ਚਾਹੇ ਆਪਣੀ ਪੁਲਿਸ ਹੈ ਪਰ ਅਜੇ ਵੀ ਨਾਜਾਇਜ਼ ਸ਼ਰਾਬ ਰੋਕਣ ਲਈ ਸਖ਼ਤ ਕਦਮ ਉਠਾਏ ਜਾਂਦੇ ਰਹੇ ਹਨ | ਕਈ ਆਬਕਾਰੀ ਵਿਭਾਗ ਦੇ ਅਫ਼ਸਰ ਰਾਜਸਥਾਨ ਵਿਚ ਆਬਕਾਰੀ ਵਿਭਾਗ ਵਲੋਂ ਆਪਣੇ ਖੋਲੇ੍ਹ ਗਏ ਥਾਣਿਆਂ ਤੋਂ ਕਾਫੀ ਪ੍ਰਭਾਵਿਤ ਹਨ ਕਿਉਂਕਿ ਆਬਕਾਰੀ ਵਿਭਾਗ ਦੇ ਆਪਣੇ ਪੁਲਿਸ ਥਾਣੇ ਹੋਣ ਕਰਕੇ ਨਾਜਾਇਜ਼ ਸ਼ਰਾਬ 'ਤੇ ਕੰਟਰੋਲ ਕਰਨ ਵਿਚ ਆਬਕਾਰੀ ਵਿਭਾਗ ਨੂੰ ਕਾਫ਼ੀ ਸਫਲਤਾ ਮਿਲੀ ਹੈ ਤੇ ਉੱਥੇ ਆਮਦਨ ਵਿਚ ਵੀ ਵਾਧਾ ਹੋਇਆ ਹੈ | ਅਗਲੇ ਵਿੱਤੀ ਵਰੇ੍ਹ ਦੀ ਸ਼ਰਾਬ ਨੀਤੀ ਵਿਚ ਵੀ ਸ਼ਰਾਬ ਦੇ ਵੱਡੇ ਗਰੁੱਪ ਬਣਾਏ ਜਾਣ ਦੀ ਸੰਭਾਵਨਾ ਹੈ ਕਿਉਂਕਿ ਵੱਡੇ ਸ਼ਰਾਬ ਦੇ ਗਰੁੱਪ ਬਣਨ ਨਾਲ ਆਬਕਾਰੀ ਵਿਭਾਗ ਨੂੰ ਫ਼ਾਇਦਾ ਹੋਇਆ ਹੈ ਤਾਂ ਇਸ ਨਾਲ ਆਮਦਨ ਵਿਚ ਵਾਧਾ ਹੋਇਆ ਹੈ | ਆਬਕਾਰੀ ਵਿਭਾਗ ਨੇ ਜਿੱਥੇ ਸਾਲ 2025-26 ਦੇ ਕਾਰੋਬਾਰ ਤੋਂ ਕਰੀਬ 12000 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਹੋਣੀ ਹੈ ਤੇ ਅਗਲੇ ਵਿੱਤੀ ਵਰੇ੍ਹ 'ਚ ਆਬਕਾਰੀ ਵਿਭਾਗ ਵਲੋਂ ਆਮਦਨ ਦਾ ਟੀਚਾ ਵਧਾ ਕੇ ਇਹ ਆਮਦਨ 13500 ਕਰੋੜ ਤੱਕ ਪੁੱਜ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ |