ਕਿਹਾ, ਕੇਂਦਰ ਸਰਕਾਰ ਦਾ ਮੁੱਖ ਟੀਚਾ ਪੰਜਾਬ ਨੂੰ ਬੁਨਿਆਦੀ ਢਾਂਚੇ ਪੱਖੋਂ ਮਜ਼ਬੂਤ ਕਰਨਾ
ਚੰਡੀਗੜ੍ਹ, 6 ਦਸੰਬਰ (ਸੰਦੀਪ ਕੁਮਾਰ ਮਾਹਨਾ)-ਬਿ੍ਟਿਸ਼ ਕਾਲ ਤੋਂ ਰੁਕਿਆ ਪਿਆ ਕਾਦੀਆਂਬਿਆਸ ਰੇਲਵੇ ਟਰੈਕ ਪ੍ਰਾਜੈਕਟ ਹੁਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਜਲਦੀ ਹੀ ਹਕੀਕਤ ਦਾ ਰੂਪ ਧਾਰੇਗਾ | ਇਹ ਇਤਿਹਾਸਕ ਅਤੇ ਜਨਹਿਤ ਪ੍ਰਾਜੈਕਟ, ਜੋ ਤਕਰੀਬਨ 93 ਸਾਲ ਪਹਿਲਾਂ 1932 ਵਿਚ ਸ਼ੁਰੂ ਹੋਇਆ ਸੀ ਪਰ ਕਦੇ ਪੂਰਾ ਨਹੀਂ ਹੋ ਸਕਿਆ, ਉਸ ਨੂੰ ਮੁੜ ਤਰਜੀਹ ਦੇਣ ਲਈ ਕੇਂਦਰ ਦੀ ਮੋਦੀ ਸਰਕਾਰ ਵਲੋਂ ਖ਼ਾਸ ਯਤਨ ਕੀਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਕਾਦੀਆਂਬਿਆਸ ਰੇਲਵੇ ਲਾਈਨ ਸਿਰਫ਼ ਇਕ ਸੰਚਾਰ ਜਾਲ ਦਾ ਹਿੱਸਾ ਨਹੀਂ, ਬਲਕਿ ਖੇਤਰ ਦੀ ਆਰਥਿਕ, ਸਮਾਜਿਕ ਅਤੇ ਵਪਾਰਕ ਤਰੱਕੀ ਨਾਲ ਸਿੱਧਾ ਜੁੜਿਆ ਵੱਡਾ ਪ੍ਰਾਜੈਕਟ ਹੈ | ਉਨ੍ਹਾਂ ਮੁਤਾਬਿਕ, ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਕਈ ਪਿੰਡਾਂ ਅਤੇ ਕਸਬਿਆਂ ਨੂੰ ਸਿੱਧਾ ਲਾਭ ਮਿਲੇਗਾ, ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀ ਤੱਕ ਪਹੁੰਚਾਉਣ ਵਿਚ ਵੱਡੀ ਸਹੂਲਤ ਮਿਲੇਗੀ ਅਤੇ ਲੋਕਾਂ ਦੀ ਆਮਦ ਵਿਚ ਸੁਧਾਰ ਆਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਮੁੱਖ ਟੀਚਾ ਪੰਜਾਬ ਨੂੰ ਬੁਨਿਆਦੀ ਢਾਂਚੇ ਦੇ ਪੱਖੋਂ ਮਜ਼ਬੂਤ ਕਰਨਾ ਅਤੇ ਲੋਕਾਂ ਲਈ ਵਧੀਆ ਆਵਾਜਾਈ ਦੀਆਂ ਸਹੂਲਤਾਂ ਯਕੀਨੀ ਬਣਾਉਣਾ ਹੈ | ਕੇਂਦਰੀ ਮੰਤਰੀ ਬਿੱਟੂ ਨੇ ਦੱਸਿਆ ਕਿ ਇਹ ਰੇਲਵੇ ਲਾਈਨ ਮੁੜ ਬਣਾਉਣ ਨਾਲ ਨਾ ਸਿਰਫ਼ ਸਫ਼ਰ ਨੂੰ ਆਸਾਨ ਬਣਾਏਗੀ, ਬਲਕਿ ਖੇਤਰ ਵਿਚ ਰੋਜ਼ਗਾਰ ਦੇ ਮੌਕੇ ਵੀ ਵਧਣਗੇ | ਇਸ ਪ੍ਰੋਜੈਕਟ ਨਾਲ ਜ਼ਮੀਨ, ਨਿਰਮਾਣ ਅਤੇ ਸੰਬੰਧਿਤ ਕਾਰਜਾਂ ਵਿਚ ਲੋਕਾਂ ਲਈ ਨਵੇਂ ਰਾਹ ਵੀ ਖੁੱਲ੍ਹਣਗੇ |
ਬਾਜਵਾ ਵਲੋਂ ਸਵਾਗਤ
ਚੰਡੀਗੜ੍ਹ, 6 ਦਸੰਬਰ (ਅ. ਬ.)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਨੇ ਅੱਜ ਰੇਲਵੇ ਮੰਤਰਾਲੇ ਵਲੋਂ ਲੰਮੇ ਸਮੇਂ ਤੋਂ ਅਟਕੇ ਪਏ ਕਾਦੀਆਂ-ਬਿਆਸ ਰੇਲ ਪ੍ਰਾਜੈਕਟ ਨੂੰ ਮੁੜ ਗਤੀ ਦੇਣ ਦੀ ਪਹਿਲ ਦਾ ਸਵਾਗਤ ਕੀਤਾ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਨਵਾਂ ਸਾਲ ਉਹ ਇਤਿਹਾਸਕ ਤੌਰ 'ਤੇ ਤਬਦੀਲੀ ਲਿਆਏਗਾ ਜਿਸ ਦੀ ਉਡੀਕ ਖੇਤਰ ਦੇ ਲੋਕ ਕਰੀਬ ਇਕ ਸਦੀ ਤੋਂ ਕਰ ਰਹੇ ਸਨ। ਬਾਜਵਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ ਹੈ।
1932 ਤੋਂ ਲਟਕਿਆ ਕਾਦੀਆਂਬਿਆਸ ਰੇਲਵੇ ਲਾਈਨ ਪ੍ਰਾਜੈਕਟ ਜਲਦ ਹੀ ਮੁੜ ਹੋਵੇਗਾ ਸ਼ੁਰੂ-ਬਿੱਟੂ <br/>
ਅਜੀਤ ਡੈਸਕ
07-12-2025