ਅਮਰੀਕਾ ਤੋਂ ਜਬਰੀ ਕੱਢੇ ਗਏ 330 ਭਾਰਤੀਆਂ ਦੇ ਮਾਮਲੇ 'ਚ ਦਰਜ ਕੇਸਾਂ ਦੇ ਆਧਾਰ 'ਤੇ ਹੋ ਰਹੀ ਹੈ ਜਾਂਚ
ਜਲੰਧਰ, 18 ਦਸੰਬਰ (ਸ਼ਿਵ ਸ਼ਰਮਾ)-ਡੌਂਕੀ ਰੂਟ ਮਾਮਲੇ ਵਿਚ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਜਲੰਧਰ ਜੋਨ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਇਸ ਨਾਲ ਸੰਬੰਧਿਤ ਪੰਜਾਬ, ਹਰਿਆਣਾ ਅਤੇ ਦਿੱਲੀ 'ਚ 13 ਕਾਰੋਬਾਰੀ ਅਤੇ ਰਿਹਾਇਸ਼ੀ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਈ. ਡੀ. ਵਲੋਂ ਇਸ ਮਾਮਲੇ ਵਿਚ ਜਾਂਚ ਦਾ ਕੰਮ ਜਾਰੀ ਸੀ। ਈ.ਡੀ. ਦੀ ਇਕ ਟੀਮ ਨੇ ਇਸ ਮਾਮਲੇ ਨਾਲ ਸੰਬੰਧਿਤ ਬੱਸ ਸਟੈਂਡ ਦੇ ਕੋਲ ਰਿਚੀ ਟਰੈਵਲ ਦੇ ਦਫ਼ਤਰ ਵਿਚ ਛਾਪੇਮਾਰੀ ਕੀਤੀ ਹੈ ਤੇ ਜਸਵੰਤ ਨਗਰ ਸਥਿਤ ਉਨ੍ਹਾਂ ਦੇ ਘਰ ਵਿਚ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਛਾਪੇਮਾਰੀ ਦੌਰਾਨ ਸੁਰੱਖਿਆ ਮੁਲਾਜ਼ਮਾਂ ਦੀ ਵੀ ਤਾਇਨਾਤੀ ਕੀਤੀ ਗਈ ਸੀ। ਈ. ਡੀ. ਦੀਆਂ ਟੀਮਾਂ ਵਲੋਂ ਰਿਚੀ ਟਰੈਵਲ ਦੇ ਨਾਲ-ਨਾਲ ਤਰੁਨ ਖੋਸਲਾ, ਬਲਵਾਨ ਸ਼ਰਮਾ ਪਾਣੀਪਤ 'ਤੇ ਵੀ ਛਾਪੇਮਾਰੀ ਚੱਲ ਰਹੀ ਸੀ। ਈ. ਡੀ. ਵਲੋਂ ਡੌਂਕੀ ਰੂਟ ਮਾਮਲੇ ਵਿਚ ਕਾਰਵਾਈ ਨਾਲ ਕਾਫੀ ਹਲਚਲ ਪਾਈ ਜਾ ਰਹੀ ਸੀ। ਈ. ਡੀ. ਵਲੋਂ ਫਰਵਰੀ 2025 ਵਿਚ ਅਮਰੀਕਾ ਵਲੋਂ ਫ਼ੌਜੀ ਕਾਰਗੋ ਜਹਾਜ਼ ਰਾਹੀਂ ਦੇਸ਼ ਤੋਂ ਜ਼ਬਰੀ ਕੱਢੇ ਗਏ 330 ਭਾਰਤੀਆਂ ਨਾਲ ਸੰਬੰਧਿਤ ਦਰਜ ਵੱਖ-ਵੱਖ ਕੇਸਾਂ ਦੇ ਆਧਾਰ 'ਤੇ ਜਾਂਚ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਈ. ਡੀ. ਇਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਸੀ ਤਾਂ ਅੱਜ ਦੀ ਕਾਰਵਾਈ ਉਸੇ ਸੰਦਰਭ ਵਿਚ ਕੀਤੀ ਗਈ ਹੈ। ਈ. ਡੀ. ਦੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਜ਼ਬਰੀ ਕੱਢੇ ਗਏ ਭਾਰਤੀਆਂ ਨੂੰ ਡੌਂਕੀ ਰੂਟ ਰਾਹੀਂ ਅਮਰੀਕਾ ਭੇਜਿਆ ਗਿਆ ਸੀ। ਜਾਂਚ ਵਿਚ ਸਾਹਮਣੇ ਆਇਆ ਸੀ ਕਿ ਉਕਤ ਲੋਕਾਂ ਨੂੰ ਡੌਂਕੀ ਰੂਟ ਰਾਹੀਂ ਨਾਜਾਇਜ਼ ਤੌਰ 'ਤੇ ਅਮਰੀਕਾ ਭੇਜਿਆ ਗਿਆ ਸੀ। ਇਨ੍ਹਾਂ ਦੇ ਪਿੱਛੇ ਟਰੈਵਲ ਏਜੰਟਾਂ, ਵਚੋਲੀਏ, ਡੌਂਕਰਾਂ, ਵਿਦੇਸ਼ਾਂ ਵਿਚ ਮੌਜੂਦ ਸਾਥੀਆਂ, ਹਵਾਲਾ ਆਪ੍ਰੇਟਰਾਂ ਅਤੇ ਰਹਿਣ ਅਤੇ ਖਾਣੇ ਵਰਗੀਆਂ ਸਹੂਲਤਾਂ ਉਪਲਬਧ ਕਰਵਾਉਣ ਲਈ ਪੂਰਾ ਨੈੱਟਵਰਕ ਕੰਮ ਕਰ ਰਿਹਾ ਸੀ। ਈ. ਡੀ. ਵਲੋਂ ਪਹਿਲਾਂ ਕੀਤੀਆਂ ਗਈਆਂ ਛਾਪੇ ਮਾਰੀਆਂ ਅਤੇ ਜਾਂਚ ਦੌਰਾਨ ਮਿਲੇ ਸਬੂਤਾਂ ਤੋਂ ਇਸ ਨੈੱਟਵਰਕ ਵਿਚ ਸ਼ਾਮਿਲ ਦੂਸਰੇ ਅਤੇ ਤੀਜੇ ਪੱਧਰ ਦੇ ਲੋਕਾਂ ਦੇ ਨਾਂਅ ਸਾਹਮਣੇ ਆਏ ਹਨ। ਕੁਝ ਸਮਾਂ ਪਹਿਲਾਂ ਈ. ਡੀ. ਨੇ ਡੌਂਕੀ ਰੂਟ ਰਾਹੀਂ ਨਾਜਾਇਜ਼ ਤੌਰ 'ਤੇ ਵਿਦੇਸ਼ ਭੇਜਣ ਵਾਲਿਆਂ ਨਾਲ ਜੁੜੇ ਲੋਕਾਂ ਦੀ 5.41 ਕਰੋੜ ਦੀ ਜਾਇਦਾਦ ਵੀ ਜ਼ਬਤ ਕੀਤੀ ਸੀ। ਉਂਜ ਈ. ਡੀ. ਵਲੋਂ ਅੱਜ ਵੱਡੇ ਪੱਧਰ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਕਈ ਹੋਰ ਵੀ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ।
ਈ. ਡੀ. ਵਲੋਂ ਡੌਂਕੀ ਰੂਟ ਮਾਮਲੇ 'ਚ ਪੰਜਾਬ, ਹਰਿਆਣਾ, ਦਿੱਲੀ 'ਚ ਛਾਪੇਮਾਰੀ
ਅਜੀਤ ਡੈਸਕ
19-12-2025