ਜਨਵਰੀ 2026 'ਚ ਕੀਤੀ ਜਾਵੇਗੀ ਸਥਾਪਿਤ
ਸੁਰਿੰਦਰ ਕੋਛੜ
ਅੰਮਿ੍ਤਸਰ, 23 ਦਸੰਬਰ -ਭਾਰਤ ਦੇ ਤਤਕਾਲੀ ਵਾਇਸਰਾਏ ਅਤੇ ਗਵਰਨਰ-ਜਨਰਲ ਜਾਰਜ ਨਥਾਨਿਏਲ ਕਰਜ਼ਨ (ਲਾਰਡ ਕਰਜ਼ਨ) ਦੁਆਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ 123 ਸਾਲ ਪਹਿਲਾਂ ਤੋਹਫ਼ੇ ਵਜੋਂ ਭੇਟ ਕੀਤੀ ਗਈ ਘੜੀ ਦੇ ਖ਼ਰਾਬ ਹੋ ਜਾਣ 'ਤੇ ਤਕਰੀਬਨ ਇਕ ਕਰੋੜ ਰੁਪਏ ਦੀ ਲਾਗਤ ਨਾਲ ਉਸ ਦੀ ਮੁਰੰਮਤ ਦਾ ਕੰਮ ਮੁਕੰਮਲ ਕਰਵਾ ਲਿਆ ਗਿਆ ਹੈ ਅਤੇ ਹੁਣ ਇਸ ਨੂੰ ਜਨਵਰੀ 2026 ਦੇ ਪਹਿਲੇ ਹਫ਼ਤੇ ਇਸ ਦੇ ਪੁਰਾਣੇ ਸਥਾਨ 'ਤੇ ਸਥਾਪਿਤ ਕੀਤਾ ਜਾਵੇਗਾ | ਦੱਸਣਯੋਗ ਹੈ ਕਿ ਲਾਰਡ ਕਰਜ਼ਨ ਨੇ ਭਾਰਤ ਦਾ ਵਾਇਸਰਾਏ ਬਣਨ ਉਪਰੰਤ ਅੰਮਿ੍ਤਸਰ ਦੇ ਆਪਣੇ ਪਹਿਲੇ ਸਰਕਾਰੀ ਦੌਰੇ ਮੌਕੇ ਇਹ ਘੜੀ 9 ਅਪ੍ਰੈਲ 1900 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ 'ਚ ਭੇਟ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ | ਇਸ ਘੜੀ ਦੀ ਮੁਰੰਮਤ ਕਰਵਾਉਣ ਵਾਲੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਜਥੇਬੰਦੀ ਦੇ ਸ: ਇੰਦਰਜੀਤ ਸਿੰਘ ਨੇ 'ਅਜੀਤ' ਨਾਲ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਅਤੇ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਜਦੋਂ ਲਾਰਡ ਕਰਜ਼ਨ ਅਤੇ ਉਨ੍ਹਾਂ ਦੀ ਪਤਨੀ ਆਪਣਾ ਸਤਿਕਾਰ ਭੇਟ ਕਰਨ ਸ੍ਰੀ ਦਰਬਾਰ ਸਾਹਿਬ ਆਏ ਤਾਂ ਅਸਥਾਨ ਦੇ ਉੱਤਰ-ਪੂਰਬੀ ਪਾਸੇ ਦੇ ਪ੍ਰਵੇਸ਼ ਦੁਆਰ ਦੀ ਕੰਧ 'ਤੇ ਲਗਾਈ ਗਈ ਇਕ ਪੁਰਾਣੀ ਘੜੀ ਨੂੰ ਵੇਖ ਕੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਲਈ ਨਵੀਂ ਘੜੀ ਭੇਟ ਕਰਨ ਦੀ ਇੱਛਾ ਪ੍ਰਗਟਾਈ | ਇਸ ਘੜੀ ਨੂੰ ਬਣਾਉਣ 'ਚ ਦੋ ਸਾਲ ਲੱਗੇ ਅਤੇ ਉਨ੍ਹਾਂ ਨੇ ਬਰਮਿੰਘਮ ਦੀ ਐਲਕਿੰਗਟਨ ਐਂਡ ਕੰਪਨੀ ਲਿਮਟਿਡ ਤੋਂ ਇਹ ਖ਼ੂਬਸੂਰਤ ਪਿੱਤਲ ਦੀ ਬਣੀ ਘੜੀ ਤਿਆਰ ਕਰਵਾ ਕੇ 31 ਅਕਤੂਬਰ 1902 ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਉਸ ਸਮੇਂ ਦੇ ਲਾਹੌਰ ਕਮਿਸ਼ਨਰ ਰਾਹੀਂ ਇਸ ਨੂੰ ਅੰਮਿ੍ਤਸਰ ਭੇਜਿਆ | ਸ: ਇੰਦਰਜੀਤ ਸਿੰਘ ਨੇ ਦੱਸਿਆ ਕਿ ਸਾਲ 2022 'ਚ ਸ੍ਰੀ ਦਰਬਾਰ ਸਾਹਿਬ ਦੀ ਚੱਲ ਰਹੀ ਸੋਨੇ ਦੇ ਪੱਤਰਿਆਂ ਦੀ ਸੇਵਾ ਦੌਰਾਨ ਕੰਧ ਦੇ ਇਕ ਸਪੈਨ ਦੇ ਅੰਦਰ ਲਾਰਡ ਕਰਜ਼ਨ ਦੁਆਰਾ ਭੇਟ ਕੀਤੀ ਗਈ ਘੜੀ ਇਕ ਹੋਰ ਆਧੁਨਿਕ ਘੜੀ ਦੇ 4 ਇੰਚ ਪਿੱਛੇ ਲੁਕੀ ਹੋਈ ਮਿਲੀ | ਇਸ 'ਤੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੇ ਆਗੂ ਭਾਈ ਮੋਹਿੰਦਰ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਤੋਂ ਮਨਜ਼ੂਰੀ ਲੈ ਕੇ ਇਸ ਘੜੀ ਦੀ ਮੁਰੰਮਤ ਦੀ ਜ਼ਿੰਮੇਵਾਰੀ ਸੇਵਕ ਜਥਾ ਦੇ ਸ: ਭੁਪਿੰਦਰ ਸਿੰਘ ਮਿਨਹਾਸ ਨੂੰ ਸੌਂਪੀ ਗਈ | ਸ: ਮਿਨਹਾਸ ਵਲੋਂ 10 ਕਿੱਲੋਗ੍ਰਾਮ ਭਾਰ ਵਾਲੀ ਇਸ ਪਿੱਤਲ ਦੀ ਬਣੀ ਇਕ ਫੁੱਟ ਚੌੜੀ ਅਤੇ ਡੇਢ ਫੁੱਟ ਉੱਚੀ ਘੜੀ ਨੂੰ ਖੋਲ੍ਹਣ 'ਤੇ ਪਤਾ ਲੱਗਾ ਕਿ ਇਸ ਦੇ ਅਸਲ ਮਕੈਨੀਕਲ ਮੂਵਮੈਂਟ ਸਿਸਟਮ ਨੂੰ ਹਟਾ ਕੇ ਇਲੈਕਟਿ੍ਕ (ਸੈੱਲਾਂ ਨਾਲ ਚੱਲਣ ਵਾਲਾ) ਸਿਸਟਮ ਲਗਾ ਦਿੱਤਾ ਗਿਆ ਸੀ | ਇਸ ਦੇ ਡਾਇਲ ਦੇ ਅੰਦਰੂਨੀ ਹਿੱਸੇ 'ਚ ਤਬਦੀਲੀ ਕਰਦਿਆਂ ਰੋਮਨ ਅੰਕਾਂ ਦੀ ਜਗ੍ਹਾ ਗੁਰਮੁਖੀ 'ਚ ਅੰਕ ਲਿਖ ਦਿੱਤੇ ਗਏ ਸਨ | ਇਹ ਘੜੀ ਕਦੋਂ ਤੋਂ ਬੰਦ ਸੀ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ |
ਉਨ੍ਹਾਂ ਨੇ ਦੱਸਿਆ ਕਿ ਸ: ਭੁਪਿੰਦਰ ਸਿੰਘ ਮਿਨਹਾਸ ਵਲੋਂ ਘੜੀ ਦੀ ਵਿਆਪਕ ਖੋਜ ਕਰਨ 'ਤੇ ਪਤਾ ਲੱਗਾ ਕਿ ਘੜੀ ਨੂੰ ਬਰਮਿੰਘਮ ਵਿਖੇ ਐਲਕਿੰਗਟਨ ਐਂਡ ਕੰਪਨੀ ਲਿਮਟਿਡ ਤੋਂ ਆਰਡਰ 'ਤੇ ਬਣਵਾਇਆ ਗਿਆ ਸੀ | ਘੜੀ ਦੇ ਡਿਜ਼ਾਈਨ ਦੀ ਜਾਂਚ ਕਰਨ ਤੋਂ ਬਾਅਦ ਇਹ ਨਿਰਧਾਰਿਤ ਕੀਤਾ ਗਿਆ ਕਿ ਇਸ ਦੀ ਸਹੀ ਮੁਰੰਮਤ ਲਈ ਬਿ੍ਟਿਸ਼ ਕਾਰੀਗਰੀ ਦੀ ਲੋੜ ਹੈ | ਇਸ ਲਈ ਘੜੀ ਨੂੰ ਮੁੜ ਬਹਾਲੀ ਲਈ ਬਿ੍ਟੇਨ ਭੇਜਿਆ ਗਿਆ | ਬਰਮਿੰਘਮ ਦੇ ਮਾਹਿਰਾਂ ਨੇ ਦੋ ਸਾਲਾਂ ਤੱਕ ਘੜੀ 'ਤੇ ਕੰਮ ਕੀਤਾ ਅਤੇ ਲਗਭਗ 96 ਲੱਖ ਰੁਪਇਆਂ ਦੀ ਲਾਗਤ ਨਾਲ ਇਸ ਨੂੰ ਇਸ ਦੇ ਅਸਲ ਰੂਪ 'ਚ ਬਹਾਲ ਕਰ ਦਿੱਤਾ | ਇਸ ਦੀ ਪੁਰਾਣੀ ਮਕੈਨੀਕਲ ਵਿਧੀ ਨੂੰ ਮੁੜ ਬਹਾਲ ਕਰਦਿਆਂ ਇਸ 'ਚ ਰੋਮਨ ਅੰਕਾਂ ਵਾਲਾ ਇਕ ਨਵਾਂ ਪਿੱਤਲ ਦਾ ਡਾਇਲ ਲਗਾਇਆ ਗਿਆ ਹੈ | ਇੰਦਰਜੀਤ ਸਿੰਘ ਨੇ ਦੱਸਿਆ ਕਿ ਘੜੀ ਪੂਰੀ ਤਰ੍ਹਾਂ ਨਾਲ ਕਾਰਜਸ਼ੀਲ ਹੈ ਅਤੇ ਅੰਮਿ੍ਤਸਰ ਪਹੁੰਚ ਚੁੱਕੀ ਹੈ | ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਨਜ਼ਦੀਕ ਇਕ ਕਮਰੇ 'ਚ ਸੁਰੱਖਿਅਤ ਰੱਖਿਆ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਹੁਣ ਇਹ ਘੜੀ ਨਾ ਸਿਰਫ਼ ਸਮਾਂ ਦੱਸੇਗੀ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ੍ਰੀ ਦਰਬਾਰ ਸਾਹਿਬ ਨਾਲ ਜੁੜੇ ਇਤਿਹਾਸ ਦੀ ਯਾਦ ਵੀ ਦਿਵਾਏਗੀ |
ਲਾਰਡ ਕਰਜ਼ਨ ਦੁਆਰਾ ਸ੍ਰੀ ਦਰਬਾਰ ਸਾਹਿਬ ਨੂੰ ਭੇਟ ਕੀਤੀ 123 ਸਾਲ ਪੁਰਾਣੀ ਘੜੀ ਮੁੜ ਹੋਵੇਗੀ ਕਾਰਜਸ਼ੀਲ
ਅਜੀਤ ਡੈਸਕ
24-12-2025