ਨਵੀਂ ਦਿੱਲੀ, 25 ਦਸੰਬਰ (ਯੂ. ਐੱਨ. ਆਈ.)-ਡਿਜੀਟਲ ਸ਼ਮੂਲੀਅਤ ਦੀ ਦਿਸ਼ਾ 'ਚ ਇਕ ਵੱਡੇ ਬਦਲਾਅ ਦੇ ਤਹਿਤ ਭਾਰਤੀ ਫੌਜ ਨੇ ਆਪਣੀ ਸੋਸ਼ਲ ਮੀਡੀਆ ਨੀਤੀ 'ਚ ਬਦਲਾਅ ਕੀਤਾ ਹੈ। ਜਿਸ ਨਾਲ ਉਸ ਦੇ ਅਧਿਕਾਰੀ ਅਤੇ ਫੌਜੀ ਇੰਸਟਾਗ੍ਰਾਮ ਅਤੇ ਐਕਸ ਸਮੇਤ ਕੁਝ ਚੋਣਵੇਂ ਪਲੇਟਫਾਰਮ ਦੀ ਵਰਤੋਂ ਕਰ ਸਕਣਗੇ। ਬੇਸ਼ੱਕ, ਇਹ ਕਦਮ ਸਖਤ ਗਾਈਡਲਾਇਨਜ਼ ਦੇ ਨਾਲ ਆਇਆ ਹੈ, ਜਿਸ ਵਿਚ ਮੁਲਾਜ਼ਮਾਂ ਨੂੰ ਆਪਰੇਸ਼ਨਲ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਸਿਰਫ ਕੰਟੈਂਟ ਵੇਖਣ ਦੀ ਇਜਾਜ਼ਤ ਹੋਵੇਗੀ, ਜਦੋਂਕਿ ਪੋਸਟ ਕਰਨ, ਕੁਮੈਂਟ ਕਰਨ ਜਾਂ ਆਨਲਾਈਨ ਗੱਲਬਾਤ ਕਰਨ 'ਤੇ ਰੋਕ ਰਹੇਗੀ। ਇਹ ਫੌਜ ਦੇ ਅਧਿਕਾਰੀਆਂ ਵਲੋਂ ਜਾਰੀ ਇਕ ਪੱਤਰ 'ਚ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੀ ਸੀਮਤ ਵਰਤੋਂ ਨੂੰ ਸੂਚੀਬੱਧ ਕਰਦੇ ਹੋਏ, ਫੌਜ ਨੇ ਆਮ ਜਾਣਕਾਰੀ , ਜਿਸਦੀ ਇਜਾਜ਼ਤ ਹੈ, ਉਸ ਨੂੰ ਸ਼ੇਅਰ ਕਰਨ ਦੇ ਲਈ ਸਕਾਈਪ, ਟੈਲੀਗ੍ਰਾਮ, ਵਟਸਐਪ ਅਤੇ ਸਿਗਨਲ ਦੀ ਵਰਤੋਂ ਕਰਨ ਦਾ ਨਿਰਦੇਸ਼ ਦਿੱਤਾ ਹੈ। ਪੱਤਰ 'ਚ ਅੱਗੇ ਕਿਹਾ ਗਿਆ ਹੈ ਕਿ ਕੰਟੈਂਟ ਸਿਰਫ ਜਾਣ-ਪਛਾਣ ਵਾਲੇ ਲੋਕਾਂ ਨਾਲ ਹੀ ਸ਼ੇਅਰ ਕੀਤਾ ਜਾਵੇਗਾ ਅਤੇ ਸਹੀ ਵਿਅਕਤੀ ਤੱਕ ਜਾਣਕਾਰੀ ਪਹੁੰਚਾਉਣ ਦੀ ਜ਼ਿੰਮੇਵਾਰੀ ਯੂਜ਼ਰਜ ਦੀ ਹੋਵੇਗੀ। ਤਾਜ਼ਾ ਸੋਧ ਮੁਲਾਜ਼ਮਾਂ ਨੂੰ ਜੈਨਰਿਕ ਸਾਈਟਾਂ, ਕਰੈਕਡ ਅਤੇ ਪਾਈਰੇਟਿਡ ਸਾਫਟਵੇਅਰ, ਮੁਫਤ ਫਿਲਮਾਂ, ਟੋਰੈਂਟ ਅਤੇ ਵੀ. ਪੀ. ਐੱਨ. ਸਾਫਟਵੇਅਰ ਅਤੇ ਵੈੱਬ ਪ੍ਰੌਕਸੀਆਂ, ਅਗਿਆਤ ਵੈੱਬਸਾਈਟਾਂ, ਚੈਟ ਰੂਮ ਅਤੇ ਫਾਈਲ ਟ੍ਰਾਂਸਫਰ ਸਾਈਟਾਂ ਦੀ ਵਰਤੋਂ ਕਰਨ ਦੇ ਵਿਰੁੱਧ ਵੀ ਸਲਾਹ ਦਿੰਦੀ ਹੈ।
ਫ਼ੌਜ ਨੇ ਜਵਾਨਾਂ ਲਈ ਸੋਸ਼ਲ ਮੀਡੀਆ ਨਿਯਮਾਂ 'ਚ ਦਿੱਤੀ ਢਿੱਲ
ਅਜੀਤ ਡੈਸਕ
26-12-2025