ਅੰਮਿ੍ਤਸਰ, 26 ਦਸੰਬਰ (ਹਰਮਿੰਦਰ ਸਿੰਘ)-ਪੰਜਾਬ ਅਤੇ ਹਰਿਆਣਾ 'ਚ ਠੰਢ ਦਾ ਪ੍ਰਭਾਵ ਜਾਰੀ ਹੈ | ਪੰਜਾਬ 'ਚ ਗੁਰਦਾਸਪੁਰ ਸਭ ਤੋਂ ਠੰਢਾ ਰਿਹਾ, ਜਿਥੇ ਘੱਟ ਤੋਂ ਘੱਟ ਤਾਪਮਾਨ 6.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | ਇਸੇ ਦੌਰਾਨ ਹਰਿਆਣਾ ਦਾ ਮਹਿੰਦਰਗੜ੍ਹ ਸਭ ਤੋਂ ਠੰਢਾ ਰਿਹਾ ਜਿਥੇ ਘੱਟ ਤੋਂ ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | 30 ਦਸੰਬਰ ਤੱਕ ਇਨ੍ਹਾਂ ਦੋਵੇ ਸੂਬਿਆਂ 'ਚ ਧੁੰਦ ਨੂੰ ਲੈ ਕੇ ਓਰੈਂਜ਼ ਅਲਰਟ ਜਾਰੀ ਰਹੇਗਾ | ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ 'ਚ ਗੁਰਦਾਸਪੁਰ ਘੱਟ ਤੋਂ ਘੱਟ ਤਾਪਮਾਨ 6.0 ਡਿਗਰੀ ਸੈਲਸੀਅਸ ਰਿਹਾ | ਇਸ ਦੇ ਨਾਲ ਹੀ ਪਠਾਨਕੋਟ ਵਿਖੇ 6.2 ਡਿਗਰੀ ਸੈਲਸੀਅਸ, ਪਟਿਆਲਾ 'ਚ 7.7 ਡਿਗਰੀ ਸੈਲਸੀਅਸ, ਅੰਮਿ੍ਤਸਰ 'ਚ 8.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | ਅਗਲੇ 24 ਘੰਟਿਆਂ 'ਚ ਆਮ ਤੌਰ 'ਤੇ ਮੌਸਮ ਖੁਸ਼ਕ ਰਹੇਗਾ ਪਰ ਧੁੰਦ ਨੂੰ ਲੈ ਕੇ ਓਰੈਂਜ ਅਲਰਟ ਬਰਕਰਾਰ ਰਹੇਗਾ | ਇਸ ਦੇ ਨਾਲ ਹੀ ਖੁੱਲ੍ਹੇ ਮੈਦਾਨੀ ਇਲਾਕਿਆਂ 'ਚ ਕੋਹਰਾ ਵੀ ਪੈ ਸਕਦਾ ਹੈ | ਜਿਸ ਦੇ ਨਾਲ ਠੰਢ ਹੋਰ ਵੀ ਵੱਧ ਜਾਵੇਗੀ | ਇਸੇ ਦੌਰਾਨ ਹਰਿਆਣਾ ਦੇ ਹਿਸਾਰ ਅਤੇ ਜੀਂਦ 'ਚ ਘੱਟ ਤੋਂ ਘੱਟ ਤਾਪਮਾਨ 61 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ |