ਫ਼ਤਹਿਗੜ੍ਹ ਸਾਹਿਬ, 26 ਦਸੰਬਰ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਾਹਿਬਜ਼ਾਦਿਆਂ ਦਾ ਬਲੀਦਾਨ ਦਿਵਸ ਦਾ ਨਾਮ ਵੀਰ ਬਾਲ ਦਿਵਸ ਨਾਲੋਂ ਛੋਟੇ ਸਾਹਿਬਜ਼ਾਦਿਆਂ ਦੀ ਲਾ-ਮਿਸਾਲ ਸ਼ਹਾਦਤ ਨੂੰ ਯਾਦ ਕਰਨ ਦਾ ਕਿਤੇ ਵੱਧ ਉਚਿੱਤ ਅਤੇ ਮਰਿਆਦਾਪੂਰਨ ਢੰਗ ਹੈ, ਕਿਉਂ ਜੋ ਇਹ ਸਿੱਖ ਸੰਗਤ ਦੀਆਂ ਡੂੰਘੀਆਂ ਭਾਵਨਾਵਾਂ ਨਾਲ ਪੂਰੀ ਤਰ੍ਹਾਂ ਸਾਂਝ ਪਾਉਂਦਾ ਹੈ | ਅਰੋੜਾ ਨੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਗੁਰਮੀਤ ਸਿੰਘ 'ਮੀਤ ਹੇਅਰ' ਦੇ ਨਾਲ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਸਾਰਕ ਇਤਿਹਾਸ ਦਾ ਇਕ ਅਦੁੱਤੀ ਅਧਿਆਇ ਹੈ, ਜੋ ਧਰਮ, ਹਿੰਮਤ ਅਤੇ ਅਡੋਲਤਾ ਦੇ ਸਰਵਉੱਚ ਆਦਰਸ਼ਾਂ ਨੂੰ ਪ੍ਰਤੀਬਿੰਬਤ ਕਰਦਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਮੈਂਬਰਾਂ ਵਲੋਂ ਵੀ ਵੀਰ ਬਾਲ ਦਿਵਸ ਦਾ ਨਾਂਅ ਬਦਲ ਕੇ ਸਾਹਿਬਜ਼ਾਦਿਆਂ ਦਾ ਬਲੀਦਾਨ ਦਿਵਸ ਕਰਨ ਦੀ ਲੋੜ 'ਤੇ ਪਹਿਲਾਂ ਹੀ ਸਪਸ਼ਟ ਤੌਰ 'ਤੇ ਜ਼ੋਰ ਦਿੱਤਾ ਜਾ ਚੁੱਕਾ ਹੈ, ਤਾਂ ਜੋ ਦੇਸ਼ ਵਿਦੇਸ਼ ਵਸਦੇ ਸਿੱਖ ਭਾਈਚਾਰੇ ਦੀਆਂ ਸਮੂਹਿਕ ਭਾਵਨਾਵਾਂ ਅਤੇ ਧਾਰਮਿਕ ਸੰਵੇਦਨਸ਼ੀਲਤਾ ਦਾ ਪੂਰਾ ਆਦਰ ਕੀਤਾ ਜਾ ਸਕੇ | ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ, ਰੁਪਿੰਦਰ ਸਿੰਘ ਹੈਪੀ, ਦਵਿੰਦਰਜੀਤ ਸਿੰਘ ਲਾਡੀ ਢੋਸ, ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ, 'ਆਪ' ਆਗੂ ਕੁਲਵਿੰਦਰ ਸਿੰਘ ਡੇਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਿੰਦਰ ਸਿੰਘ ਮੰਡੋਫ਼ਲ, ਸੁਸਾਇਟੀ ਪ੍ਰਧਾਨ ਗੁਰਵੀਰ ਸਿੰਘ ਜੱਲ੍ਹਾ, ਬਲਾਕ ਸੰਮਤੀ ਮੈਂਬਰ ਸਤਵੀਰ ਸਿੰਘ ਨੰਬਰਦਾਰ, ਰੁਪਿੰਦਰ ਸਿੰਘ ਆਦਿ ਵੀ ਹਾਜ਼ਰ ਸਨ |