ਅੰਮਿ੍ਤਸਰ, 26 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਭਾਰਤ ਵਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਅਤੇ ਆਤਮਘਾਤੀ ਡਰੋਨਾਂ ਦੀ ਵਰਤੋਂ ਕਰਕੇ 'ਆਪ੍ਰੇਸ਼ਨ ਸੰਧੂਰ-2' ਸ਼ੁਰੂ ਕਰਨ ਦੀਆਂ ਚਰਚਾਵਾਂ ਵਿਚਕਾਰ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨਾਲ ਆਪਣੀ ਸੁਰੱਖਿਆ ਨੂੰ ਹਾਈ ਅਲਰਟ 'ਤੇ ਰੱਖਿਆ ਹੈ | ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿ ਨੇ ਕੰਟਰੋਲ ਰੇਖਾ ਦੇ ਨਾਲ ਸਭ ਤੋਂ ਸੰਵੇਦਨਸ਼ੀਲ ਖੇਤਰਾਂ 'ਚ ਸੁਰੱਖਿਆ ਵਧਾ ਦਿੱਤੀ ਹੈ | ਪਾਕਿ ਨੇ ਚੀਨ ਅਤੇ ਤੁਰਕੀ ਤੱਕ ਵੀ ਪਹੁੰਚ ਕੀਤੀ ਹੈ ਤਾਂ ਜੋ ਐਮਰਜੈਂਸੀ ਐਂਟੀ-ਡਰੋਨ ਗਰਿੱਡ ਸਿਸਟਮ ਜਲਦੀ ਤੋਂ ਜਲਦੀ ਖ਼ਰੀਦਿਆ ਜਾ ਸਕੇ | ਇਨ੍ਹਾਂ ਦੇ ਲਈ ਪਾਕਿ ਇਕ ਡਿਜੀਟਲ ਨੈੱਟਵਰਕ ਬਣਾਉਣਾ ਚਾਹੁੰਦਾ ਹੈ ਜੋ ਭਾਰਤੀ ਡਰੋਨਾਂ ਨੂੰ ਸਰਹੱਦ ਪਾਰ ਕਰਨ ਤੋਂ ਪਹਿਲਾਂ ਹੀ ਖੋਜ ਕੇ ਨਸ਼ਟ ਕਰ ਦੇਵੇ | ਰਿਪੋਰਟਾਂ ਮੁਤਾਬਿਕ ਆਪਣੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਆਧੁਨਿਕ ਬਣਾਉਣ ਲਈ ਪਾਕਿ ਨੇ ਐੱਲ. ਓ. ਸੀ. 'ਤੇ 8ਵੀਂ ਬਿ੍ਗੇਡ ਦੇ ਨਾਲ 35 ਵਿਸ਼ੇਸ਼ ਐਂਟੀ-ਡਰੋਨ ਯੂਨਿਟ ਤਾਇਨਾਤ ਕੀਤੇ ਹਨ | ਪਾਕਿ ਦਾ ਮੰਨਣਾ ਹੈ ਕਿ ਭਾਰਤ ਦੀਆਂ ਏ. ਆਈ. ਆਧਾਰਿਤ ਨਿਗਰਾਨੀ ਪ੍ਰਣਾਲੀਆਂ ਇਨ੍ਹਾਂ ਰੂਟਾਂ 'ਤੇ ਨੇੜਿਓਾ ਨਜ਼ਰ ਰੱਖ ਰਹੀਆਂ ਹਨ | ਇਹ ਯੂਨਿਟ ਰਾਡਾਰਾਂ ਅਤੇ ਜੈਮਰਾਂ ਨਾਲ ਲੈਸ ਹਨ, ਜੋ ਭਾਰਤੀ ਜਾਸੂਸੀ ਡਰੋਨਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੇ ਸਿਗਨਲਾਂ ਨੂੰ ਜਾਮ ਕਰਨ ਲਈ ਤਿਆਰ ਕੀਤੇ ਗਏ ਹਨ | ਦੱਸਿਆ ਜਾ ਰਿਹਾ ਹੈ ਕਿ ਪਾਕਿ ਚੀਨ ਤੋਂ ਮਿਜ਼ਾਈਲ ਪ੍ਰਣਾਲੀਆਂ ਦੀ ਵੀ ਮੰਗ ਕਰ ਰਿਹਾ ਹੈ ਜੋ ਉੱਚੇ ਪਹਾੜਾਂ 'ਤੇ ਤਾਇਨਾਤ ਕੀਤੀਆਂ ਜਾ ਸਕਦੀਆਂ ਹਨ ਅਤੇ ਵੱਡੇ ਭਾਰਤੀ ਡਰੋਨਾਂ ਨੂੰ ਮਾਰ ਸਕਦੀਆਂ ਹਨ | ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪਾਕਿ ਆਪਣੀ ਸੁਰੱਖਿਆ ਲਈ ਡਰੋਨ ਏਅਰ ਡਿਫੈਂਸ ਗਰਿੱਡ 'ਤੇ ਵੀ ਕੰਮ ਕਰ ਰਿਹਾ ਹੈ | ਇਹ ਗਰਿੱਡ ਵੱਖ-ਵੱਖ ਸੈਂਸਰਾਂ ਨੂੰ ਏਕੀਕਿ੍ਤ ਕਰੇਗਾ | ਜਿਵੇਂ ਹੀ ਕੋਈ ਭਾਰਤੀ ਡਰੋਨ ਸਰਹੱਦ ਦੇ ਨੇੜੇ ਜਾਵੇਗਾ ਤਾਂ ਇਹ ਸੈਂਸਰ ਤੁਰੰਤ ਨੇੜਲੇ ਨਿਸ਼ਾਨੇਬਾਜ਼ (ਮਿਜ਼ਾਈਲ ਜਾਂ ਬੰਦੂਕ) ਨੂੰ ਸੁਚੇਤ ਕਰ ਦੇਵੇਗਾ | ਜਾਣਕਾਰਾਂ ਦਾ ਕਹਿਣਾ ਹੈ ਕਿ ਆਧੁਨਿਕ ਡਰੋਨ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਦੀ ਲਾਗਤ ਅਰਬਾਂ ਡਾਲਰ ਹੈ ਅਤੇ ਪਾਕਿ ਦੀ ਮੰਦੀ ਆਰਥਿਕ ਸਥਿਤੀ ਕਾਰਨ ਉਸ ਕੋਲ ਵੱਡੇ ਪੱਧਰ 'ਤੇ ਨਿਵੇਸ਼ ਕਰਨ ਦੀ ਸਮਰੱਥਾ ਨਹੀਂ ਹੈ | ਇਸ ਤੋਂ ਇਲਾਵਾ ਸਿਰਫ਼ ਹਥਿਆਰ ਖ਼ਰੀਦਣਾ ਹੀ ਕਾਫ਼ੀ ਨਹੀਂ ਹੈ; ਉਨ੍ਹਾਂ ਨੂੰ ਏਕੀਕਿ੍ਤ ਕਰਨਾ ਅਤੇ ਸੈਨਿਕਾਂ ਨੂੰ ਸਿਖਲਾਈ ਦੇਣਾ ਇਕ ਲੰਬੀ ਪ੍ਰਕਿਰਿਆ ਹੈ |