ਬਟਾਲਾ, 26 ਦਸੰਬਰ (ਸਤਿੰਦਰ ਸਿੰਘ)-ਗੁਰਦੁਆਰਾ ਤਖ਼ਤ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ ਵਲੋਂ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 2 ਰੋਜ਼ਾ 'ਸਾਹਿਬਜ਼ਾਦੇ ਸ਼ਹਾਦਤ ਦਿਵਸ' ਸਮਾਗਮ ਕਰਵਾਏ ਗਏ | 25 ਦਸੰਬਰ ਨੂੰ ਰਾਤ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਦਰਬਾਰ ਤੇ ਸਵੇਰੇ ਸਦਭਾਵਨਾ ਦੌੜ ਮੈਰਾਥਨ ਕਰਵਾਈ ਗਈ | ਜਦਕਿ 26 ਦਸੰਬਰ ਸਕੂਲੀ ਵਿਦਿਆਰਥੀਆਂ ਦੀ ਸਦਭਾਵਨਾ ਰੈਲੀ ਕੱਢੀ ਗਈ | ਇਸ ਦੌਰਾਨ ਸ੍ਰੀ ਦਸ਼ਮੇਸ਼ ਹਸਪਤਾਲ ਵਿਖੇ ਵੱਖ-ਵੱਖ ਬਿਮਾਰੀਆਂ ਸੰਬੰਧੀ ਮੈਡੀਕਲ ਕੈਂਪ ਲਗਾਏ ਗਏ | ਨਾਲ ਹੀ 11:30 ਤੋਂ 2 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਿਖੇ ਪ੍ਰਸ਼ਾਸ਼ਕ ਡਾ. ਵਿਜੇ ਸਤਬੀਰ ਸਿੰਘ ਦੀ ਹਾਜ਼ਰੀ ਵਿਚ ਵਿਸ਼ੇਸ਼ ਸਦਭਾਵਨਾ ਸੰਮੇਲਨ ਸੈਮੀਨਾਰ ਕਰਵਾਇਆ ਗਿਆ | ਹਜ਼ੂਰ ਸਾਹਿਬ ਆਈ.ਟੀ.ਆਈ. ਦੇ ਪਿ੍ੰਸੀਪਲ ਗੁਰਬਚਨ ਸਿੰਘ ਵਲੋਂ ਸਾਹਿਬਜ਼ਾਦਿਆਂ ਦੇ ਜੀਵਨੀ 'ਤੇ ਪ੍ਰਕਾਸ਼ ਪਾਇਆ ਗਿਆ | ਉਸ ਤੋਂ ਬਾਅਦ ਗਿਆਨੀ ਤਨਵੀਰ ਸਿੰਘ, ਪ੍ਰੋ. ਡਾ. ਪਰਮਿੰਦਰ ਕੌਰ ਕੋਲਹਾਪੁਰੇ, ਗਿਆਨੀ ਸਰਬਜੀਤ ਸਿੰਘ ਨਿਰਮਲੇ, ਪ੍ਰੋ. ਡਾ. ਪ੍ਰਕਾਸ਼ ਨਿਹਲਾਨੀ, ਗਿਆਨੀ ਅਵਤਾਰ ਸਿੰਘ ਸ਼ੀਤਲ ਵਲੋਂ ਸੰਬੋਧਨ ਕੀਤਾ ਗਿਆ | ਸਮਾਗਮ ਵਿਚ ਗੁਰਦੁਆਰਾ ਬੋਰਡ ਦੇ ਮੁੱਖ ਪ੍ਰਸ਼ਾਸਕ ਡਾ. ਵਿਜੇ ਸਤਬੀਰ ਸਿੰਘ ਨੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਭੇਟ ਕੀਤੀ ਤੇ ਨਾਲ ਹੀ ਵਿਦਿਆਰਥੀਆਂ ਨੂੰ ਕਿਹਾ ਕਿ ਏਨੀ ਛੋਟੀ ਉਮਰ 7 ਅਤੇ 9 ਸਾਲ ਦੇ ਸਾਹਿਬਜ਼ਾਦਿਆਂ ਨੇ ਸਮੇਂ ਦੀ ਹੁਕੂਮਤ ਵਲੋਂ ਮਨੁੱਖਤਾ ਦੇ ਖਿਲਾਫ਼ ਕੀਤੇ ਜਾ ਰਹੇ ਜ਼ੁਲਮ ਤੇ ਜਬਰਦਸਤੀ ਧਰਮ ਪਰਿਵਰਤਨ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਸ਼ਹਾਦਤ ਸਵੀਕਾਰ ਕੀਤੀ | ਸਮਾਗਮ ਵਿਚ ਜਸਵੰਤ ਸਿੰਘ ਬੌਬੀ ਸਲਾਹਕਾਰ, ਹਰਜੀਤ ਸਿੰਘ ਕੜੇਵਾਲੇ ਸੁਪਰਡੈਂਟ, ਰਵਿੰਦਰ ਸਿੰਘ ਕਪੂਰ, ਜੈਮਲ ਸਿੰਘ ਢਿੱਲੋਂ, ਬਲਵਿੰਦਰ ਸਿੰਘ ਫੌਜੀ (ਸਾਰੇ ਸਹਾਇਕ ਸੁਪਰਡੈਂਟ), ਗੁਰਬਚਨ ਸਿੰਘ ਪਿ੍ੰਸੀਪਲ, ਚਾਂਦ ਸਿੰਘ ਮੁੱਖ ਅਧਿਆਪਕ, ਸ੍ਰੀਮਤੀ ਅਨੀਲ ਕੌਰ ਪਿ੍ੰਸੀਪਲ, ਸ੍ਰੀਮਤੀ ਬਬੀਤਾ ਕੌਰ ਚਾਹਲ ਪੀ.ਏ. ਹਾਜ਼ਰ ਸਨ | ਸਮਾਗਮ ਮੌਕੇ ਸਟੇਜ ਸਕੱਤਰ ਦੀ ਸੇਵਾ ਭੀਮ ਸਿੰਘ ਬੇਲਥਰਵਾਲੇ ਇੰਸਟਰਕਟਰ ਨੇ ਸੇਵਾ ਨਿਭਾਈ ਅਤੇ ਸਤਪਾਲ ਸਿੰਘ ਮਾਸਟਰ ਖਾਲਸਾ ਹਾਈ ਸਕੂਲ ਨੇ ਸਾਰਿਆਂ ਦਾ ਧੰਨਵਾਦ ਕੀਤਾ |