ਅੰਮਿ੍ਤਸਰ, 26 ਦਸੰਬਰ (ਸੁਰਿੰਦਰ ਕੋਛੜ)-ਪਦਮ ਚੰਦ ਭੰਡਾਰੀ ਦੇ ਨਾਂਅ 'ਤੇ ਉਸਾਰੇ ਗਏ ਭੰਡਾਰੀ ਪੁਲ ਤੋਂ ਹਾਲ ਬਾਜ਼ਾਰ ਵੱਲ ਉੱਤਰਦੇ ਸਮੇਂ ਜਾਂ ਹਾਲ ਗੇਟ ਦੇ ਸਾਹਮਣੇ ਤੋਂ ਰੇਲਵੇ ਸਟੇਸ਼ਨ ਵੱਲ ਨੂੰ ਜਾਂਦੇ ਹੋਏ ਨਵੇਂ ਪੁਲ ਤੋਂ ਲੰਘਣ ਵੇਲੇ ਖੱਬੇ ਹੱਥ ਅੰਗਰੇਜ਼ੀ ਸ਼ਾਸਨ ਸਮੇਂ ਸੰਨ 1875 'ਚ ਬਣੀ ਇਕ ਸਰਾਂ ਦੀ ਪ੍ਰਵੇਸ਼ ਡਿਉੜੀ ਅਤੇ ਆਸ-ਪਾਸ ਬਣੇ ਹੋਰ ਢਾਂਚੇ ਅਕਸਰ ਰਾਹਗੀਰਾਂ ਦੀ ਖਿੱਚ ਦਾ ਕੇਂਦਰ ਬਣਦੇ ਹਨ | ਅਸਲ 'ਚ ਇਹ ਪ੍ਰਵੇਸ਼ ਡਿਓੜੀ ਅਤੇ ਹੋਰ ਬਚੇ-ਖੁਚੇ ਢਾਂਚੇ ਅੰਮਿ੍ਤਸਰ ਦੀਆਂ ਪੁਰਾਣੀਆਂ ਸਰਾਂਵਾਂ 'ਚੋਂ ਸਭ ਤੋਂ ਆਲੀਸ਼ਾਨ ਅਤੇ ਵਿਸ਼ਾਲ ਮੰਨੀ ਜਾਂਦੀ ਸੰਤ ਰਾਮ ਸਪਰਾ 'ਕਪੜੇ ਵਾਲੇ' ਦੀ ਸਰਾਂ ਦੇ ਹਨ | ਇਸ ਨੂੰ ਸੰਤ ਰਾਮ ਦੀ ਕੋਠੀ ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਸੀ | ਦੱਸਿਆ ਜਾਂਦਾ ਹੈ ਕਿ ਇਸ ਸਰਾਂ ਨੂੰ ਵੇਖਣ ਲਈ ਜਨਵਰੀ 1876 'ਚ ਪਿ੍ੰਸ ਆਫ਼ ਵੇਲਜ਼ ਅਲਬਰਟ ਐਡਵਰਡ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ | ਪਿ੍ੰਸ ਦੇ ਇੱਥੇ ਆਉਣ ਤੋਂ ਬਾਅਦ ਇਸ ਸਰਾਂ ਦੀ ਪ੍ਰਸਿੱਧੀ ਹੋਰ ਵਧ ਗਈ | ਹਾਲਾਂਕਿ, ਜਾਇਜ਼ ਅਤੇ ਨਾਜਾਇਜ਼ ਕਬਜ਼ਿਆਂ ਦੇ ਚੱਲਦਿਆਂ ਹੁਣ ਇਹ ਸਰਾਂ ਆਪਣੀ ਪੁਰਾਣੀ ਸ਼ਾਨ ਅਤੇ ਖ਼ੂਬਸੂਰਤੀ ਤੋਂ ਪੂਰੀ ਤਰ੍ਹਾਂ ਨਾਲ ਮਹਿਰੂਮ ਹੋ ਚੁੱਕੀ ਹੈ | ਵਿਰਸੇ ਦੀ ਸੰਭਾਲ ਅਤੇ ਪ੍ਰਚਾਰ ਲਈ ਸਮਰਪਿਤ ਸੰਸਥਾ ਇੰਟੈਕ (ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਕਲਚਰ ਐਂਡ ਹੈਰੀਟੇਜ) ਦੇ ਅੰਮਿ੍ਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਕੇਂਦਰ ਸਰਕਾਰ ਦੇ ਪੁਰਾਤਤਵ ਵਿਭਾਗ ਤੋਂ ਸੰਤ ਰਾਮ ਸਰਾਂ ਦੀ ਪ੍ਰਵੇਸ਼ ਡਿਉੜੀ ਅਤੇ ਹੋਰ ਸਮਾਰਕਾਂ ਦੀ ਪੁਰਾਤਨ ਦਿੱਖ ਬਹਾਲ ਕਰਨ ਦੀ ਅਪੀਲ ਕੀਤੀ ਹੈ |