ਚੰਡੀਗੜ੍ਹ, 27 ਦਸੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਦੇ ਪਲਵਲ ਜ਼ਿਲ੍ਹੇ 'ਚ ਪੰਜ ਸਾਲ ਦੀ ਬੱਚੀ ਨਾਲ ਜਬਰ ਜਨਾਹ ਅਤੇ ਕਤਲ ਦੇ ਦੋਸ਼ੀ ਇਕ ਵਿਅਕਤੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਹੈ | ਅਦਾਲਤ ਨੇ ਸਪੱਸ਼ਟ ਕੀਤਾ ਕਿ ਦੋਸ਼ੀ ਨੂੰ ਮੁਆਫ਼ੀ ਦੀ ਸੰਭਾਵਨਾ ਤੋਂ ਬਿਨਾਂ 30 ਸਾਲ ਕੈਦ ਕੱਟਣੀ ਪਵੇਗੀ ਤਾਂ ਜੋ ਸਮਾਜ ਦੀਆਂ ਹੋਰ ਕੁੜੀਆਂ ਨੂੰ ਦੋਸ਼ੀ ਦੀ ਵਿਗੜੀ ਮਾਨਸਿਕਤਾ ਤੋਂ ਬਚਾਇਆ ਜਾ ਸਕੇ | ਹਾਈ ਕੋਰਟ ਨੇ ਜੁਰਮਾਨੇ ਦੀ ਰਕਮ ਵਧਾ ਕੇ 30 ਲੱਖ ਰੁਪਏ ਕਰ ਦਿੱਤੀ ਅਤੇ ਨਿਰਦੇਸ਼ ਦਿੱਤਾ ਕਿ ਪੂਰਾ ਜੁਰਮਾਨਾ ਪੀੜਤ ਦੇ ਮਾਪਿਆਂ ਅਤੇ ਭੈਣ-ਭਰਾਵਾਂ ਨੂੰ ਮੁਆਵਜ਼ੇ ਵਜੋਂ ਬਰਾਬਰ ਵੰਡਿਆ ਜਾਵੇ | ਅਦਾਲਤ ਨੇ ਕਿਹਾ ਕਿ ਅਪਰਾਧਿਕ ਨਿਆਂ ਪ੍ਰਣਾਲੀ ਦਾ ਉਦੇਸ਼ ਸਿਰਫ਼ ਸਜ਼ਾ ਦੇਣਾ ਨਹੀਂ ਹੈ, ਸਗੋਂ ਪੀੜਤ ਦੇ ਪਰਿਵਾਰ ਨੂੰ ਸਭ ਤੋਂ ਵੱਧ ਬਰਾਬਰ ਰਾਹਤ ਪ੍ਰਦਾਨ ਕਰਨਾ ਵੀ ਹੈ | ਇਹ ਫ਼ੈਸਲਾ ਜਸਟਿਸ ਅਨੂਪ ਚਿਤਕਾਰਾ ਅਤੇ ਜਸਟਿਸ ਸੁਖਵਿੰਦਰ ਕੌਰ ਦੇ ਡਵੀਜ਼ਨ ਬੈਂਚ ਨੇ ਹੇਠਲੀ ਅਦਾਲਤ ਵਲੋਂ ਭੇਜੇ ਗਏ ਮੌਤ ਦੇ ਹਵਾਲੇ (ਮੌਤ ਦੀ ਸਜ਼ਾ ਦੀ ਪੁਸ਼ਟੀ) ਅਤੇ ਮੁਲਜ਼ਮਾਂ ਦੀਆਂ ਅਪੀਲਾਂ 'ਤੇ ਵਿਸਤਿ੍ਤ ਸੁਣਵਾਈ ਤੋਂ ਬਾਅਦ ਸੁਣਾਇਆ |