ਕੋਟ ਈਸੇ ਖਾਂ, 31 ਮਈ (ਨਿਰਮਲ ਸਿੰਘ ਕਾਲੜਾ)-ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 419ਵਾਂ ਸ਼ਹੀਦੀ ਪੁਰਬ ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਮੁੱਖ ਸੇਵਾਦਾਰ ਪਰਮ ਹੰਸ ਸੰਤ ਗੁਰਜੰਟ ਸਿੰਘ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਬੰਧ 'ਚ ਪ੍ਰਕਾਸ਼ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਸਮੇਂ ਵੱਡੀ ਗਿਣਤੀ 'ਚ ਸੰਗਤਾਂ ਪਵਿੱਤਰ ਸਰੋਵਰ 'ਚ ਇਸ਼ਨਾਨ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ | ਅਰਦਾਸ ਤੋਂ ਬਾਅਦ ਪਰਮ ਹੰਸ ਸੰਤ ਗੁਰਜੰਟ ਸਿੰਘ ਨੇ ਆਈਆਂ ਸੰਗਤਾਂ ਨਾਲ ਸ਼ਬਦ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇਕ ਅਜਿਹੀ ਮਹੱਤਵਪੂਰਨ ਘਟਨਾ ਹੈ ਜਿਸ ਨੇ ਸਿੱਖ ਧਰਮ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰ ਦਿੱਤੀ ਸੀ | ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦੁਨੀਆ ਦੇ ਧਰਮ ਇਤਿਹਾਸ ਅੰਦਰ ਇਕ ਇਨਕਲਾਬੀ ਮੋੜ ਸੀ | ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਸਾਡੇ ਲਈ ਰਾਹ ਦਸੇਰਾ ਹੈ ਜਿਸ 'ਤੇ ਚੱਲ ਕੇ ਅਸੀਂ ਆਪਣੇ ਧਰਮ ਦੇ ਸੁਨਹਿਰੇ ਅਸੂਲਾਂ ਦੀ ਖ਼ਾਤਰ ਜਬਰ ਜ਼ੁਲਮ ਦੇ ਟਾਕਰੇ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ | ਗੁਰਦੁਆਰਾ ਸਾਹਿਬ ਵਿਖੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਵੀ ਵਰਤਾਏ ਗਏ | ਇਸ ਸਮੇਂ ਸੇਵਾਦਾਰਾਂ ਵਿਚ ਮਾਸਟਰ ਬਲਦੇਵ ਸਿੰਘ, ਗੁਰਲਾਲ ਸਿੰਘ ਵੜਿੰਗ, ਗੁਰਤੇਜ ਸਿੰਘ ਪਤਲੀ, ਸਾਬਕਾ ਐਕਸੀਅਨ ਸੋਹਣ ਲਾਲ, ਮਾਸਟਰ ਗੁਰਦੀਪ ਸਿੰਘ, ਸੁਖਜੀਤ ਸਿੰਘ ਤੂੰਬੜਭੰਨ, ਗੁਰਿੰਦਰ ਸਿੰਘ ਪੱਪੀ ਪ੍ਰਧਾਨ, ਬਲਵਿੰਦਰ ਸਿੰਘ ਖੋਸਾ, ਲਖਵੀਰ ਸਿੰਘ ਬਰਾੜ, ਬਲਵਿੰਦਰ ਸਿੰਘ ਨੈਸਲੇ, ਦਲਜੀਤ ਸਿੰਘ ਇੱਟਾਂਵਾਲੀ, ਨਵਦੀਪ ਸਿੰਘ ਮੁਦਕੀ, ਸਰਬਜੀਤ ਸਿੰਘ ਪੰਜਾਬ ਪੁਲਿਸ ਆਦਿ ਹਾਜ਼ਰ ਸਨ |