ਠੱਠੀ ਭਾਈ, 2 ਜੂਨ (ਮਠਾੜੂ)-ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਲਾਹੇਵੰਦ ਭਾਅ ਯਕੀਨੀ ਬਣਾਉਣ ਦੀ ਉਸ ਸਮੇਂ ਫੂਕ ਨਿਕਲ ਗਈ, ਜਦ ਆਰਥਿਕ ਮਾਮਲਿਆਂ ਬਾਰੇ ਕੇਂਦਰੀ ਕੈਬਨਿਟ ਕਮੇਟੀ ਨੇ ਆਮ ਝੋਨੇ ਦਾ ਭਾਅ ਪਿਛਲੇ ਸਾਲ ਦੇ 2300 ਰੁਪਏ ਨਾਲੋਂ 69 ਰੁਪਏ ਵਧਾ ਕੇ 2369 ਮੁਕੱਰਰ ਕੀਤਾ ਗਿਆ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਸਿੱਧੂ ਸਾਬਕਾ ਸਰਪੰਚ ਬੰਬੀਹਾ ਭਾਈ, ਅਕਾਲੀ ਆਗੂ ਪ੍ਰਗਟ ਸਿੰਘ ਧਾਲੀਵਾਲ ਮਾੜੀ ਮੁਸਤਫ਼ਾ, ਖਾਦ ਸੀਡ ਅਤੇ ਪੈਸਟੀਸਾਈਡ ਯੂਨੀਅਨ ਭਗਤਾ ਭਾਈ ਦੇ ਪ੍ਰਧਾਨ ਗੁਰਪਾਲ ਸਿੰਘ ਢਿੱਲੋਂ ਢਿਲਵਾਂ ਵਾਲਾ, ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਰਵੀ ਮੌੜ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਕਿਸਾਨ ਆਗੂ ਹਰਜਿੰਦਰ ਸਿੰਘ ਜਿੰਦਾ ਸੰਧੂ ਸੁਖਾਨੰਦ ਨੇ ਸਾਂਝੇ ਰੂਪ ਵਿਚ ਝੋਨੇ ਦੇ ਕੀਤੇ ਗਏ ਵਾਧੇ ਨੂੰ ਰੱਦ ਕਰਦਿਆਂ ਕੀਤਾ | ਝੋਨੇ ਦੇ ਭਾਅ 'ਚ 69 ਰੁਪਏ ਵਾਧੇ ਤੋਂ ਨਾਖ਼ੁਸ਼ ਆਗੂਆਂ ਨੇ ਕਿਹਾ ਕਿ ਕੈਬਨਿਟ ਕਮੇਟੀ ਨੂੰ ਝੋਨੇ ਦੇ ਭਾਅ 'ਚ ਵਾਧਾ ਘੱਟ ਤੋਂ ਘੱਟ 200 ਰੁਪਏ ਪ੍ਰਤੀ ਕੁਇੰਟਲ ਕਰਨਾ ਚਾਹੀਦਾ ਸੀ, ਕਿਉਂਕਿ ਬੀਜ, ਖਾਦ, ਮਜ਼ਦੂਰੀ, ਕੀਟਨਾਸ਼ਕ ਦਵਾਈਆਂ, ਡੀਜ਼ਲ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਕਿਰਸਾਨੀ ਨੂੰ ਪਹਿਲਾਂ ਹੀ ਕਮਜ਼ੋਰ ਕਰ ਰਿਹਾ | ਉਨ੍ਹਾਂ ਕਿਹਾ ਕਿ ਕੈਬਨਿਟ ਕਮੇਟੀ ਨੇ ਦਾਲਾਂ ਵਿਚ ਸਭ ਨਾਲੋਂ ਵੱਧ ਸਮਰਥਨ ਮੁੱਲ ਅਰਹਰ ਦਾਲ ਦਾ ਵਧਾਇਆ ਹੈ, ਜਦ ਕਿ ਅਰਹਰ ਭਾਰਤ ਦੇ ਬਹੁਤ ਘੱਟ ਰਾਜਾਂ ਵਿਚ ਬੜੀ ਥੋੜੀ ਮਿਕਦਾਰ 'ਚ ਬਿਜਾਈ ਹੁੰਦੀ ਹੈ |