ਮੋਗਾ, 2 ਜੂਨ (ਗੁਰਤੇਜ ਸਿੰਘ ਬੱਬੀ)- ਮੋਗਾ ਜ਼ਿਲੇ੍ਹ ਦੇ ਪਿੰਡ ਨਿਧਾਂ ਵਾਲਾ ਦਾ ਜੰਮਪਲ ਖਿਡਾਰੀ ਗੁਰਤੇਜ ਸਿੰਘ ਪੁੱਤਰ ਗੁਰਦੀਪ ਸਿੰਘ ਜੋ ਕਿ ਖੇਡਾਂ ਦੇ ਖੇਤਰ ਵਿਚ ਲਗਾਤਾਰ ਪ੍ਰਾਪਤੀਆਂ ਕਰ ਰਿਹਾ ਹੈ ਅਤੇ ਹੁਣੇ ਹੁਣੇ ਉਸ ਨੇ ਮੈਸੂਰ ਵਿਚ ਹੋਈਆਂ ਨੈਸ਼ਨਲ ਖੇਡਾਂ 'ਚ ਪੰਜਾਬ ਵਲੋਂ ਖੇਡਦਿਆਂ ਲੰਮੀ ਛਾਲ ਵਿਚੋਂ ਸੋਨ ਤਮਗ਼ਾ ਜਿੱਤ ਕੇ ਪੰਜਾਬ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ | ਉਸ ਦੀ ਇਸ ਪ੍ਰਾਪਤੀ 'ਤੇ ਮਾਣ ਕਰਦੇ ਹੋਏ ਪਿੰਡ ਨਿਧਾਂ ਵਾਲਾ ਦੇ ਪਤਵੰਤਿਆਂ ਵਲੋਂ ਐਡਵੋਕੇਟ ਹਰਜੀਤ ਸਿੰਘ, ਮੈਂਬਰ ਮੋਦਨ ਸਿੰਘ, ਹਰਪ੍ਰੀਤ ਸਿੰਘ, ਹਮੀਰ ਸਿੰਘ, ਹਰਬੰਸ ਸਿੰਘ, ਸੁਰਜੀਤ ਸਿੰਘ, ਸੁਖਵੀਰ ਸਿੰਘ, ਇਕਬਾਲ ਸਿੰਘ ਅਤੇ ਮਲਕੀਤ ਸਿੰਘ ਹੋਰਾਂ ਵਲੋਂ ਖਿਡਾਰੀ ਗੁਰਤੇਜ ਸਿੰਘ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਥਾਨ 'ਤੇ ਸਨਮਾਨਿਤ ਕੀਤਾ ਗਿਆ | ਦੱਸ ਦੇਈਏ ਕਿ ਗੁਰਤੇਜ ਸਿੰਘ ਨੇ ਅਪਣਾ ਖੇਡ ਸਫ਼ਰ ਸਾਲ 2009 'ਚ ਸ਼ੁਰੂ ਕੀਤਾ ਸੀ ਅਤੇ ਸਾਲ 2024 ਵਿਚ ਰਾਜਸਥਾਨ ਦੇ ਸ਼ਹਿਰ ਅਲਵਰ ਵਿਚ ਹੋਈਆਂ ਖੇਡਾਂ ਵਿਚ ਵੀ ਲੌਂਗ ਜੰਪ ਅਤੇ ਟਿ੍ਪਲ ਜੰਪ ਵਿਚ ਵੀ ਤਗਮੇ ਜਿੱਤ ਚੁੱਕਿਆ ਹੈ ਅਤੇ ਉਸ ਦੀ ਇੱਛਾ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਏਸ਼ੀਆ ਖੇਡਾਂ ਵਿਚ ਭਾਗ ਲੈ ਕੇ ਦੇਸ਼ ਲਈ ਤਗਮਾ ਲੈ ਕੇ ਆਵੇ | ਇਸ ਮੌਕੇ ਐਡਵੋਕੇਟ ਹਰਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਮੁੱਚੇ ਪਿੰਡ ਨੂੰ ਖਿਡਾਰੀ ਗੁਰਤੇਜ ਸਿੰਘ 'ਤੇ ਮਾਣ ਹੈ |