ਮੋਗਾ, 4 ਜੂਨ (ਸੁਰਿੰਦਰਪਾਲ ਸਿੰਘ)-ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਮੋਗਾ ਵਿਚ ਵਿੱਦਿਅਕ ਵਰ੍ਹੇ 2026-27 ਲਈ ਛੇਵੀਂ ਜਮਾਤ ਵਿਚ ਦਾਖ਼ਲੇ ਲਈ ਦਾਖ਼ਲਾ ਪ੍ਰਵੇਸ਼ ਪ੍ਰੀਖਿਆ 2027 ਦੇ ਆਨਲਾਈਨ ਫਾਰਮ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ 'ਤੇ ਭਰੇ ਜਾ ਰਹੇ ਹਨ | ਇਹ ਜਾਣਕਾਰੀ ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਦੇ ਸਕੂਲ ਮੁਖੀ ਰਾਕੇਸ਼ ਕੁਮਾਰ ਮੀਣਾ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਫਾਰਮ ਭਰਨ ਦੇ ਚਾਹਵਾਨ ਪ੍ਰੀਖਿਆਰਥੀ ਦੀ ਉਮਰ 1-5-2014 ਤੋਂ 31-7-2016 ਦੇ ਵਿਚਕਾਰ ਹੋਣੀ ਚਾਹੀਦੀ ਹੈ | ਪ੍ਰੀਖਿਆਰਥੀ ਨੇ ਤੀਜੀ, ਚੌਥੀ ਤੇ ਪੰਜਵੀਂ ਜਮਾਤ ਮੋਗਾ ਦੇ ਕਿਸੇ ਵੀ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਬਿਨਾਂ ਫ਼ੇਲ੍ਹ ਹੋਏ ਪੂਰਾ ਵਿੱਦਿਅਕ ਸੈਸ਼ਨ ਲਾ ਕੇ ਪਾਸ ਕੀਤੀ ਹੋਵੇ ਤੇ ਵਿਦਿਆਰਥੀ ਮੋਗਾ ਜ਼ਿਲ੍ਹਾ ਦਾ ਵਸਨੀਕ ਹੋਣਾ ਚਾਹੀਦਾ ਹੈ | ਵਿਦਿਆਰਥੀ ਦੀ ਪੰਜਵੀਂ ਜਮਾਤ ਵਿੱਦਿਅਕ ਸੈਸ਼ਨ 2025-26 ਦੇ ਦੌਰਾਨ ਪਾਸ ਹੋਵੇ | ਫਾਰਮ ਭਰਨ ਦੀ ਅੰਤਿਮ ਮਿਤੀ 29 ਜੁਲਾਈ 2025 ਹੈ | ਉਨ੍ਹਾਂ ਅੱਗੇ ਦੱਸਿਆ ਕਿ ਆਨਲਾਈਨ ਫਾਰਮ ਭਰਨ ਲਈ ਜ਼ਿਲ੍ਹਾ ਮੋਗਾ ਦਾ ਆਧਾਰ ਕਾਰਡ ਜਾਂ ਰਿਹਾਇਸ਼ੀ ਸਰਟੀਫਿਕੇਟ ਹੋਣਾ ਲਾਜ਼ਮੀ ਹੈ | ਇਹ ਪ੍ਰਵੇਸ਼ ਪ੍ਰੀਖਿਆ 31 ਦਸੰਬਰ 2025 ਦਿਨ ਸਨਿੱਚਰਵਾਰ ਨੂੰ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਕੇਂਦਰਾਂ 'ਤੇ ਹੋਵੇਗੀ |