ਕੋਟ ਈਸੇ ਖਾਂ, 1 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਭਾਰੀ ਮੀਂਹ ਅਤੇ ਡੈਮਾਂ ਰਾਹੀਂ ਛੱਡੇ ਗਏ ਪਾਣੀਆਂ ਨੇ ਇਸ ਵਾਰ ਪੰਜਾਬ ਅੰਦਰ ਜੋ ਵੱਡੇ ਪੱਧਰ 'ਤੇ ਤਬਾਹੀ ਮਚਾਈ, ਉਸ 'ਚ ਪੁੱਤਾਂ ਵਾਂਗ ਪਾਲ਼ੀਆਂ ਕਿਸਾਨਾਂ ਦੀਆਂ ਫ਼ਸਲਾਂ, ਘਰ-ਬਾਰ, ਮਾਲ-ਡੰਗਰ ਦਰਿਆਵਾਂ ਦੇ ਵਹਿਣ ਵਿਚ ਵਹਿ ਗਿਆ ਤੇ ਕਿਸਾਨਾਂ ਤੇ ਹੋਰਨਾਂ ਪ੍ਰਭਾਵਿਤ ਲੋਕਾਂ ਦੀ ਆਰਥਿਕਤਾ ਵੀ ਤਹਿਸ ਨਹਿਸ ਹੋ ਗਈ | ਇਨ੍ਹਾਂ ਹੜ੍ਹਾਂ ਨੇ 1988 ਤੋਂ ਬਾਅਦ ਇਸ ਵਾਰ ਵੱਡੀ ਮਾਰ ਮਾਰੀ | ਇਹ ਸਭ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੱਤਾ ਨਾ ਹੋਣ ਦੇ ਬਾਵਜੂਦ ਹਿਕ ਡਾਹ ਕੇ ਤੇ ਖੁੱਲੇ੍ਹ ਦਿਲ ਨਾਲ ਹੜ੍ਹ ਪੀੜਤਾਂ ਦੀ ਮਦਦ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਪਿਛਲੀਆਂ ਅਕਾਲੀ ਸਰਕਾਰਾਂ ਸਮੇਂ ਦਿੱਤੇ ਜਾਂਦੇ ਨਾਅਰੇ 'ਰਾਜ ਨਹੀਂ ਸੇਵਾ' ਨੂੰ ਇਕ ਵਾਰ ਫਿਰ ਮੁੜ ਸਾਬਿਤ ਕੀਤਾ | ਇਹ ਪ੍ਰਗਟਾਵਾ ਪੈੱ੍ਰਸ ਬਿਆਨ ਰਾਹੀਂ ਕਰਦਿਆਂ ਸੀਨੀ: ਅਕਾਲੀ ਆਗੂ ਰਜਿੰਦਰ ਸਿੰਘ ਡੱਲਾ ਨੇ ਕਿਹਾ ਕਿ ਜਦੋਂ ਜਦੋਂ ਵੀ ਸੂਬੇ ਅੰਦਰ ਅਕਾਲੀ ਦਲ ਦੀਆਂ ਸਰਕਾਰਾਂ ਰਹੀਆਂ ਤਾਂ 'ਰਾਜ ਨਹੀਂ ਸੇਵਾ' ਦੇ ਨਾਅਰੇ ਹੇਠ ਜ਼ਮੀਨੀ ਪੱਧਰ ਤੱਕ ਵਧੀਆ ਕੰਮ ਕਰਕੇ ਦਿਖਾਏ ਤੇ ਉਸ ਸਮੇਂ ਹੜ੍ਹ ਪੀੜਤਾਂ ਦੀ ਬਾਂਹ ਫੜੀ ਸੀ ਤੇ ਉਨ੍ਹਾਂ ਦੀ ਆਰਥਿਕਤਾ ਪਟੜੀ 'ਤੇ ਲਿਆਂਦੀ ਸੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੀ ਸਮੁੱਚੀ ਟੀਮ ਵੀ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਦੀ ਅਗਵਾਈ ਵਿਚ ਹੜ ਪੀੜਤਾਂ ਦੀਆਂ ਜੋ ਲੋੜਾਂ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ | ਉਨ੍ਹਾਂ ਕਿਹਾ ਕਿ ਜਿੰਨਾ ਵੀ ਸਰਦਾ ਪੁੱਜਦਾ ਹੈ, ਅਕਾਲੀ ਆਗੂ ਤੇ ਵਰਕਰ ਪੂਰਨ ਸਹਿਯੋਗ ਕਰ ਰਹੇ ਹਨ | ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲਗਾਤਾਰ ਹੜ ਪੀੜਤਾਂ ਦੀ ਮਦਦ ਕਰ ਰਹੀ ਹੈ |