ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦੀ ਲਗਾਤਾਰ ਮਦਦ ਕਰ ਰਹੀ ਹੈ ਅਤੇ ਜਦੋਂ ਤੱਕ ਹਾਲਾਤ ਆਮ ਵਾਂਗ ਨਹੀਂ ਹੋ ਜਾਂਦੇ ਉਦੋਂ ਤੱਕ ਇੰਜ ਹੀ ਸਾਰੇ ਵਰਕਰ ਕੰਮ ਕਰਦੇ ਰਹਿਣਗੇ ਤਾਂ ਕਿ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਰਾਹਤ ਸਮੱਗਰੀ ਅਤੇ ਪਸ਼ੂਆਂ ਨੂੰ ਲੋੜੀਂਦਾ ਚਾਰਾ ਮਿਲ ਸਕੇ | ਇਹ ਪ੍ਰਗਟਾਵਾ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਅਤੇ ਜ਼ਿਲ੍ਹਾ ਪ੍ਰਧਾਨ 'ਆਪ' ਬਰਿੰਦਰ ਕੁਮਾਰ ਮਧੇਕੇ ਨੇ ਕੀਤਾ | ਉਨ੍ਹਾਂ ਨਾਲ ਜ਼ਿਲ੍ਹਾ ਮੀਡੀਆ ਸੈਕਟਰੀ ਅੰਮਿ੍ਤਪਾਲ ਸਿੰਘ ਖ਼ਾਲਸਾ ਵੀ ਮੌਜੂਦ ਸਨ | ਉਨ੍ਹਾਂ ਦੱਸਿਆ ਕਿ ਤਰਨਤਾਰਨ ਦੇ ਖਡੂਰ ਸਾਹਿਬ ਵਿਖੇ 50 ਕੁਇੰਟਲ ਚਾਰੇ ਦਾ ਟਰੱਕ ਰਵਾਨਾ ਕੀਤਾ ਗਿਆ ਹੈ ਅਤੇ 6 ਦਿਨਾਂ ਵਿਚ ਪਸ਼ੂਆਂ ਲਈ ਕੁੱਲ 450 ਕੁਇੰਟਲ ਚਾਰਾ ਭੇਜਿਆ ਜਾ ਚੁੱਕਿਆ ਹੈ | ਉਨ੍ਹਾਂ ਦੱਸਿਆ ਕਿ ਇਸ ਚੁਣੌਤੀਪੂਰਨ ਸਮੇਂ ਦੌਰਾਨ ਆਪਣੇ ਭੈਣਾਂ-ਭਰਾਵਾਂ ਨਾਲ ਇੱਕਜੁੱਟਤਾ ਨਾਲ ਖੜ੍ਹੇ ਹੋਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਲੋਕਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ ਮਨਦੀਪ ਸਿੰਘ ਮਾਨ, ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ ਬੂਟਾ ਸਿੰਘ ਕਾਲੇਕੇ, ਸੈਕਟਰੀ ਸੋਸ਼ਲ ਮੀਡੀਆ ਪਵਨ ਸਿੰਘ ਮੱਲਕੇ, ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਅਜੇ ਸ਼ਰਮਾ, ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਗੁਰਵਿੰਦਰ ਸਿੰਘ ਡਾਲਾ, ਭੁਪਿੰਦਰ ਸਿੰਘ ਟਿੰਮੀ, ਜਸਵੰਤ ਸਿੰਘ ਮਧੇਕੇ, ਬਲਵੀਰ ਸਿੰਘ ਮਧੇਕੇ, ਦਿਲਪ੍ਰੀਤ ਸਿੰਘ ਮਧੇਕੇ ਆਦਿ ਹਾਜ਼ਰ ਸਨ |