ਠੱਠੀ ਭਾਈ, 5 ਸਤੰਬਰ (ਜਗਰੂਪ ਸਿੰਘ ਮਠਾੜੂ)-ਪਿਛਲੇ ਦਿਨੀਂ ਪੰਜਾਬ ਵਿਚ ਹੋਈਆਂ ਭਾਰੀ ਬਾਰਸ਼ਾਂ ਕਾਰਨ ਜਿੱਥੇ ਕਈ ਜ਼ਿਲਿ੍ਹਆਂ ਵਿਚ ਹੜ੍ਹਾਂ ਦੀ ਸਥਿਤੀ ਬਣ ਗਈ ਹੈ, ਉੱਥੇ ਮੋਗਾ ਜ਼ਿਲੇ੍ਹ ਦੇ ਪਿੰਡ ਠੱਠੀ ਭਾਈ ਵਿਖੇ ਵੀ ਛੱਪੜਾਂ ਦਾ ਪਾਣੀ ਓਵਰਫ਼ਲੋ ਹੋ ਕੇ ਕਈ ਨੇੜਲੇ ਘਰਾਂ ਅੰਦਰ ਦਾਖਲ ਹੋ ਗਿਆ | ਇਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਠੱਠੀ ਭਾਈ ਦੇ ਸਾਬਕਾ ਪੰਚਾਇਤ ਮੈਂਬਰ ਬਾਬਾ ਗੁਰਚਰਨ ਸਿੰਘ ਕਿੰਗਰਾ ਨੇ ਦੱਸਿਆ ਕਿ ਪਾਣੀ ਇਨਾ ਜ਼ਿਆਦਾ ਸੀ ਕਿ ਉਨ੍ਹਾਂ ਦੇ ਘਰ ਦੇ ਫ਼ਰਸ਼ ਹੇਠਾਂ ਦੀ ਲੰਘ ਗਿਆ, ਜਿਸ ਕਾਰਨ ਫ਼ਰਸ਼ ਬੈਠ ਕੇ ਟੁੱਟ ਗਏ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਟਾਈਲ ਬੱਤੇ ਦੀਆਂ ਛੱਤਾਂ ਵੀ ਢਹਿ ਕੇ ਹੇਠਾਂ ਆ ਗਈਆਂ, ਜਿਸ ਨਾਲ ਪਰਿਵਾਰ ਕੋਲ ਰਹਿਣ ਲਈ ਢੰਗ ਦੀ ਜਗ੍ਹਾ ਵੀ ਨਹੀਂ ਰਹੀ | ਪਾਣੀ ਵੜਨ ਨਾਲ ਘਰ ਦਾ ਕਾਫੀ ਸਮਾਨ ਵੀ ਖ਼ਰਾਬ ਹੋ ਗਿਆ ਹੈ | ਇਸੇ ਤਰਾਂ ਮੋਹਨ ਸਿੰਘ ਪੁੱਤਰ ਗੁਲਜ਼ਾਰ ਸਿੰਘ ਦੇ ਘਰ ਵੀ ਛੱਪੜ ਦਾ ਪਾਣੀ ਭਰਨ ਕਾਰਨ ਕਾਫੀ ਨੁਕਸਾਨ ਹੋਇਆ | ਪਿੰਡ ਦੇ ਹੋਰ ਕਈ ਘਰਾਂ ਵਿਚ ਵੀ ਪਾਣੀ ਦਾਖਲ ਹੋਣ ਕਾਰਨ ਲੋਕਾਂ ਦੇ ਘਰਾਂ, ਫ਼ਰਨੀਚਰ ਤੇ ਹੋਰ ਸਮਾਨ ਨੂੰ ਵੱਡਾ ਨੁਕਸਾਨ ਹੋਇਆ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੀ ਨਿਕਾਸੀ ਦੀ ਸੁਵਿਧਾ ਨਹੀਂ ਬਣਾਈ ਗਈ ਤਾਂ ਆਉਣ ਵਾਲੇ ਸਮੇਂ ਵਿਚ ਇਹ ਸਮੱਸਿਆ ਹੋਰ ਵੀ ਵੱਡੇ ਰੂਪ ਵਿਚ ਸਾਹਮਣੇ ਆ ਸਕਦੀ ਹੈ | ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੜ੍ਹ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਤੁਰੰਤ ਤਿਆਰ ਕਰਕੇ ਮੁਆਵਜ਼ੇ ਦੀ ਰਕਮ ਜਾਰੀ ਕੀਤੀ ਜਾਵੇ, ਤਾਂ ਜੋ ਪਰਿਵਾਰ ਆਪਣੇ ਘਰਾਂ ਦੀ ਮੁਰੰਮਤ ਕਰਕੇ ਦੁਬਾਰਾ ਸਧਾਰਨ ਜੀਵਨ ਬਤੀਤ ਕਰ ਸਕਣ |