ਫ਼ਤਿਹਗੜ੍ਹ ਪੰਜਤੂਰ, 23 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਦਿੱਲੀ ਕਾਨਵੈਂਟ ਸਕੂਲ ਦੀ ਮੈਨੇਜਮੈਂਟ ਸਕੂਲ 'ਚ ਮਾਂ ਬੋਲੀ ਪੰਜਾਬੀ ਸਭਿਆਚਾਰ ਦੇ ਨਾਲ ਜੁੜੇ ਹੋਏ ਹਰ ਦਿਨਾਂ ਨੂੰ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੇ ਪਿ੍ੰਸੀਪਲ ਮੈਡਮ ਨਮਰਤਾ ਭੱਲਾ ਦੀ ਅਗਵਾਈ ਹੇਠ ਪੰਜਾਬੀ ਮਾਂ ਬੋਲੀ ਦਿਵਸ 'ਤੇ ਸਾਰੇ ਹੀ ਵਿਦਿਆਰਥੀ ਅਤੇ ਅਧਿਆਪਕ ਪੰਜਾਬੀ ਪਹਿਰਾਵੇ ਦੇ ਵਿਚ ਸਕੂਲ ਆਏ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਅੱਜ ਦੇ ਦਿਨ ਸਾਰੇ ਹੀ ਸਕੂਲ ਦੇ ਵਿਚ ਪੰਜਾਬੀ ਭਾਸ਼ਾ ਦੇ ਵਿਚ ਗੱਲਬਾਤ ਕੀਤੀ ਗਈ ਅਤੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਸ ਵਿਚ ਪੰਜਾਬੀ ਲਿਪੀ ਲਿਖਣ ਮੁਕਾਬਲੇ ਅਤੇ ਬਲੈਕ ਬੋਰਡ ਸਜਾਵਟ ਪ੍ਰਤੀਯੋਗਤਾ ਕਰਵਾਈ ਗਈ | ਇਸ ਦੌਰਾਨ ਵਿਦਿਆਰਥੀਆਂ ਵਲੋਂ ਮਾਂ ਬੋਲੀ ਦਿਵਸ 'ਤੇ ਪੰਜਾਬੀ ਮਾਂ ਬੋਲੀ ਦੇ ਮਹੱਤਵ ਅਤੇ ਪੰਜਾਬੀ ਭਾਸ਼ਾ ਦੇ ਇਤਿਹਾਸ 'ਤੇ ਭਾਸ਼ਣ ਦਿੱਤਾ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਬਲਜੀਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਅਤੇ ਪਿ੍ੰਸੀਪਲ ਮੈਡਮ ਨਮਰਤਾ ਭੱਲਾ ਵਲੋਂ ਸਾਰੇ ਹੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਪੰਜਾਬੀ ਮਾਂ ਬੋਲੀ 'ਤੇ ਮਾਣ ਮਹਿਸੂਸ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਦੇ ਨਾਲ ਜੁੜਨ ਤੇ ਪੰਜਾਬੀ ਭਾਸ਼ਾ ਦੇ ਨਾਲ ਬਣੇ ਰਹਿਣ ਦੇ ਪ੍ਰੇਰਿਤ ਕੀਤਾ |