ਨੱਥੂਵਾਲਾ ਗਰਬੀ, 26 ਸਤੰਬਰ (ਨਵਦੀਪ ਸਿੰਘ)-ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੇ ਖਿਡਾਰੀਆਂ ਨੇ ਫ਼ਰੀਦਕੋਟ ਜ਼ਿਲੇ੍ਹ ਦੇ ਨਹਿਰੂ ਸਟੇਡੀਅਮ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸ.) ਨੀਲਮ ਰਾਣੀ ਦੀ ਅਗਵਾਈ ਹੇਠ ਸ਼ੁਰੂ ਹੋਈਆਂ ਜ਼ਿਲ੍ਹਾ ਪੱਧਰ ਦੀਆਂ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੂਡੋ ਦੇ ਮੁਕਾਬਲਿਆਂ 'ਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਸੰਸਥਾ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸਕੂਲ ਦੇ ਖਿਡਾਰੀਆਂ ਨੇ ਜੂਡੋ ਦੇ ਮੁਕਾਬਲਿਆਂ 'ਚ ਉਮਰ ਵਰਗ ਅੰਡਰ-17 ਤੇ 19 (ਲੜਕੀਆਂ) ਵਿਚ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਮਾਣ-ਮੱਤੀਆਂ ਪ੍ਰਾਪਤੀਆਂ ਕੀਤੀਆਂ | ਕੈਂਪਸ ਇੰਚਾਰਜ ਮਨਜੀਤ ਕੌਰ ਨੇ ਇੰਨਾ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਕਾਮਨਾ ਕੀਤੀ ਤੇ ਜੇਤੂ ਖਿਡਾਰੀਆਂ ਦੀ ਖੇਡਾਂ ਵਿਚ ਬਿਹਤਰ ਕਾਰਗੁਜ਼ਾਰੀ ਲਈ ਹੌਸਲਾ ਅਫਜਾਈ ਕੀਤੀ | ਇਸ ਮੌਕੇ ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਕਿਹਾ ਕਿ ਇਹ ਪ੍ਰਾਪਤੀਆਂ ਖਿਡਾਰੀਆਂ ਦੀ ਸਖ਼ਤ ਮਿਹਨਤ, ਖੇਡ ਕੋਆਰਡੀਨੇਟਰ ਰਾਜ ਕੁਮਾਰ ਦੀ ਯੋਗ ਅਗਵਾਈ ਦਾ ਨਤੀਜਾ ਹੈ | ਇਸ ਮੌਕੇ ਸਕੂਲ ਦੇ ਟਰੱਸਟੀ ਸੰਤੋਖ ਸਿੰਘ ਸੋਢੀ, ਪ੍ਰਬੰਧਕੀ ਕਮੇਟੀ ਦੇ ਮੈਂਬਰ ਮੇਘਾ ਥਾਪਰ, ਪਿ੍ੰਸੀਪਲ ਮੈਡਮ ਰੇਣੂਕਾ, ਕੋਆਰਡੀਨੇਟਰ ਖੁਸ਼ਵਿੰਦਰ ਸਿੰਘ, ਗੁਰਮੇਜ ਸਿੰਘ, ਪ੍ਰਭਜੋਤ ਸ਼ਰਮਾ ਤੇ ਸਮੂਹ ਸਟਾਫ਼ ਵਲੋਂ ਖਿਡਾਰੀਆਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਸਫਲਤਾ ਤੇ ਵਧਾਈ ਦਿੱਤੀ |