ਅਜੀਤਵਾਲ, 19 ਅਕਤੂਬਰ (ਹਰਦੇਵ ਸਿੰਘ ਮਾਨ)- ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਦੀਵਾਲੀ ਤੇ ਫਰੈਸ਼ਰ ਸੈਟ-ਟੂ-ਗੇਦਰ ਦੇ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਖ਼ੁਸ਼ੀਆਂ ਮਨਾਉਂਦਿਆਂ ਗੀਤ, ਕਵਿਤਾਵਾਂ, ਗਿੱਧਾ ਭੰਗੜਾ ਆਦਿ ਨਾਲ ਰੰਗ ਬੰਨਿ੍ਹਆ | ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਰੀਬਨ ਕੱਟ ਕੇ ਕੀਤੀ ਤੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਦੀਵਾਲੀ ਨੂੰ ਸਾਂਝੀਵਾਲਤਾ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਇਹ ਤਿਉਹਾਰ ਸਾਰੇ ਰਾਜ, ਸਾਰੇ ਧਰਮਾਂ ਵਲੋਂ ਮਿਲ ਕੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਗੀਤਾਂ ਉੱਪਰ ਗਰੁੱਪ ਡਾਂਸ ਤੇ ਸੋਲੋ ਡਾਂਸ ਦਾ ਵਧੀਆ ਪ੍ਰਦਰਸ਼ਨ ਕੀਤਾ | ਵਿਦਿਆਰਥੀ ਜਸਕਰਨ ਸਿੰਘ ਨੇ ਗੀਤ ਅਤੇ ਨਵਦੀਪ ਕੁਮਾਰੀ ਨੇ ਸ਼ਾਇਰੀ, ਵਿਦਿਆਰਥਣ ਮਹਿਕਪ੍ਰੀਤ, ਬੀਨਾ ਰਾਣੀ ਤੇ ਸਿਮਰਨਪ੍ਰੀਤ ਕੌਰ ਆਦਿ ਨੇ ਪ੍ਰੋਗਰਾਮ ਦੇ ਉੱਤਮ ਨਾਚ ਨੇ ਰੰਗ ਬੰਨ੍ਹ ਦਿੱਤਾ | ਮੈਡਮ ਵਿਸ਼ਾਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਹਮੇਸ਼ਾ ਪੱਕੇ ਇਰਾਦੇ ਨਾਲ ਇਸ ਮੁਕਾਬਲੇ ਭਰੇ ਜੀਵਨ ਵਿਚ ਲਗਾਤਾਰ ਮਿਹਨਤ ਕਰ ਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਬਾਰੇ ਪ੍ਰੇਰਿਆ | ਇਸ ਮੌਕੇ ਨਵਦੀਪ ਕੁਮਾਰ ਨੂੰ ਮਿਸਟਰ ਫਰੈਸ਼ਰ ਅਤੇ ਮਹਿਕਦੀਪ ਕੌਰ ਨੂੰ ਮਿਸ ਫਰੈਸ਼ਰ ਵਜੋਂ ਸਨਮਾਨਿਤ ਕੀਤਾ ਗਿਆ |