ਕੋਟ ਈਸੇ ਖਾਂ, 19 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਸ਼ਹਿਰ ਕੋਟ ਈਸੇ ਖਾਂ ਦੀ ਪੁਰਾਣੀ ਵਿੱਦਿਅਕ ਸੰਸਥਾ ਡੀ.ਏ.ਵੀ., ਕੇ.ਆਰ.ਬੀ. ਪਬਲਿਕ ਸਕੂਲ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਪੁਸ਼ਕਰ ਸ਼ਰਮਾ ਨੇ ਡੀ.ਏ.ਵੀ. ਸਕੂਲ ਖੇਡਾਂ ਵਿਚ ਪਟਿਆਲ਼ਾ ਵਿਖੇ ਸਿਲਵਰ ਮੈਡਲ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਸਕੂਲ ਪਿ੍ੰਸੀਪਲ ਮੈਡਮ ਰਿੱਤੂ ਅਹੂਜਾ ਨੇ ਦੱਸਿਆ ਕਿ ਜਿਵੇਂ ਹੀ ਇਹ ਖ਼ਬਰ ਸਕੂਲ ਦੇ ਡੀ.ਪੀ. ਸੁਰਜੀਤ ਚੰਦੇਲ ਨੇ ਪਹੁੰਚਾਈ ਤਾਂ ਪੂਰੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਫੈਲ ਗਈ | ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਬੱਚਿਆਂ, ਸਕੂਲ ਦੇ ਡੀ.ਪੀ. ਤੇ ਮਾਪਿਆਂ ਨੂੰ ਦਿੱਤਾ | ਉਨ੍ਹਾਂ ਨੇ ਪ੍ਰੈੱਸ ਨੂੰ ਦੱਸਿਆ ਕਿ ਕੁਛ ਕਰ ਸ਼ਰਮਾ ਹੁਣ ਰਾਸ਼ਟਰੀ ਪੱਧਰ 'ਤੇ ਮੁਕਾਬਲਿਆਂ ਵਿਚ ਭਾਗ ਲਵੇਗਾ | ਸਕੂਲ ਦੇ ਚੇਅਰਮੈਨ ਵਿਜੇ ਕੁਮਾਰ ਧੀਰ ਨੇ ਆਖਿਆ ਕਿ ਡੀ.ਏ.ਵੀ. ਸਕੂਲ ਮੈਨੇਜਮੈਂਟ ਹਰ ਸੰਭਵ ਮਦਦ ਦੇ ਰਿਹਾ ਹੈ ਤਾਂ ਜੋ ਸਾਡੇ ਬੱਚੇ ਨਸ਼ਿਆਂ ਦੀਆਂ ਅਲਾਮਤਾਂ ਤੋਂ ਬਚ ਕੇ ਵੱਡੀਆਂ ਪ੍ਰਾਪਤੀਆਂ ਕਰ ਸਕਣ | ਇਸ ਮੌਕੇ ਸਕੂਲ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਮੈਂਬਰ ਹਾਜ਼ਰ ਸਨ |