ਮੋਗਾ, 4 ਨਵੰਬਰ (ਗੁਰਤੇਜ ਸਿੰਘ ਬੱਬੀ)-ਅਗਲੇ ਸਾਲ 2026 'ਚ ਫਰਵਰੀ ਮਾਰਚ ਦੇ ਮਹੀਨੇ ਨਗਰ ਨਿਗਮ ਮੋਗਾ ਦੀਆਂ ਚੋਣਾਂ ਹੋਣੀਆਂ ਹਨ ਤੇ ਸਰਕਾਰ ਨੇ ਨਵੀਂ ਵਾਰਡਬੰਦੀ ਕਰਵਾਉਣ ਲਈ ਦੋ ਮੈਂਬਰੀ ਕਮੇਟੀ ਬਣਾਈ ਹੈ ਜੋ ਕਿ ਵਾਜਬ ਨਹੀਂ ਲੱਗਦਾ ਕਿਉਂਕਿ ਹਰੇਕ ਸਰਕਾਰ ਨੇ ਆਪਣਾ ਸਿਆਸੀ ਲਾਹਾ ਲੈਣ ਲਈ ਹੀ ਨਵੀਂ ਵਾਰਡਬੰਦੀ ਨੂੰ ਚੁਣਿਆ ਪਰ ਇਸ ਨਾਲ ਸ਼ਹਿਰ ਦਾ ਵਿਕਾਸ ਹੀ ਨਹੀਂ ਰੁਕਦਾ ਸਗੋਂ ਵਾਰਡਾਂ ਵਿਚ ਰਹਿਣ ਵਾਲੇ ਲੋਕਾਂ ਦਾ ਵੀ ਵੱਡਾ ਨੁਕਸਾਨ ਹੁੰਦਾ ਹੈ | ਇਸ ਲਈ ਨਵੀਂ ਵਾਰਡਬੰਦੀ ਸਰਕਾਰਾਂ ਵਲੋਂ ਤੋਰਿਆ ਗ਼ਲਤ ਰੁਝਾਨ ਹੈ | ਇਹ ਪ੍ਰਗਟਾਵਾ ਪ੍ਰਸਿੱਧ ਸਮਾਜਵਾਦੀ ਅਜੇ ਸੂਦ ਗੋਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਨਵੀਂ ਵਾਰਡਬੰਦੀ ਕਰਵਾਉਣ ਨਾਲ ਮੁਹੱਲਾ ਵਾਸੀਆਂ ਦੇ ਆਧਾਰ ਕਾਰਡ, ਸ਼ਨਾਖ਼ਤੀ ਕਾਰਡ, ਪਾਸਪੋਰਟਾਂ ਦੇ ਪਤੇ ਬਦਲ ਜਾਂਦੇ ਹਨ ਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਲੋਕ ਹਿੱਤਾਂ ਦੇ ਖ਼ਿਲਾਫ਼ ਅਜਿਹੇ ਕਾਰਨਾਮਿਆਂ ਦੇ ਖ਼ਿਲਾਫ਼ ਸ਼ਹਿਰ ਵਾਸੀਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ | ਅਜੇ ਸੂਦ ਗੋਰਾ ਨੇ ਕਿਹਾ ਕਿ ਸ਼ਹਿਰ ਦੇ ਸੂਝਵਾਨ ਪਤਵੰਤੇ ਇਕ ਅਜਿਹੀ ਕਮੇਟੀ ਦਾ ਗਠਨ ਕਰਨ ਜੋ ਸਮੇਂ-ਸਮੇਂ 'ਤੇ ਅਜਿਹੀਆਂ ਸਾਜ਼ਿਸ਼ਾਂ ਦੇ ਖ਼ਿਲਾਫ਼ ਆਵਾਜ਼ ਉਠਾ ਸਕਣ |