ਮੋਗਾ, 4 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੇਸ਼ ਦੇ ਸਰਵਉੱਚ ਅਹੁਦੇ 'ਤੇ ਰਹੇ ਮਰਹੂਮ ਕੇਂਦਰੀ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ 'ਤੇ ਜੋ ਜਾਤੀ ਤੇ ਨਸਲੀ ਟਿੱਪਣੀ ਕੀਤੀ ਹੈ, ਉਸ ਨਾਲ ਦਲਿਤ ਭਾਈਚਾਰੇ ਦੇ ਦਿਲ ਵਲੂੰਧਰੇ ਗਏ ਅਤੇ ਇਸ ਟਿੱਪਣੀ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਦਲਿਤਾਂ ਪ੍ਰਤੀ ਨਫ਼ਰਤ ਖੁੱਲ ਕੇ ਸਾਹਮਣੇ ਆ ਗਈ ਹੈ | ਸ਼ਾਇਦ ਉਹ ਭੁੱਲ ਗਏ ਹਨ ਬੂਟਾ ਸਿੰਘ ਇਕ ਪੜਿ੍ਹਆ ਲਿਖਿਆ ਵਿਅਕਤੀ ਸੀ ਜਿਸ ਨੇ ਬੀ.ਏ. ਆਨਰਜ਼, ਐਮ.ਏ. ਹਿਸਟਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਯੂ.ਕੇ. ਤੋਂ ਜਰਨਲਿਜ਼ਮ ਅਤੇ ਪਬਲਿਕ ਰਿਲੇਸ਼ਨ ਦੀ ਸਟੱਡੀ ਕੀਤੀ ਸੀ | ਉਹ 8 ਵਾਰ ਮੈਂਬਰ ਪਾਰਲੀਮੈਂਟ, ਭਾਰਤ ਸਰਕਾਰ ਦੇ ਕਈ ਮਹਿਕਮਿਆਂ ਵਿਚ ਕੇਂਦਰੀ ਮੰਤਰੀ ਰਹੇ, ਦੇਸ਼ ਦੇ ਗ੍ਰਹਿ ਮੰਤਰੀ ਰਹੇ, ਅਨੁਸੂਚਿਤ ਜਾਤੀਆਂ ਦੇ ਉਹ ਨੈਸ਼ਨਲ ਚੇਅਰਮੈਨ ਵੀ ਰਹੇ ਅਤੇ ਕਈ ਸੂਬਿਆਂ ਦੇ ਗਵਰਨਰ ਵੀ ਰਹੇ | ਉਹ ਧੜੱਲੇਦਾਰ ਆਗੂ ਸਨ ਅਤੇ ਇਹੋ ਜਿਹੀ ਸ਼ਖਸੀਅਤ ਅਤੇ ਉਸ ਦੀ ਜਾਤ, ਰੰਗ ਰੂਪ 'ਤੇ ਜਨਤਕ ਟਿੱਪਣੀ ਕਰਨੀ ਦਲਿਤ ਵਰਗ ਦਾ ਘੋਰ ਅਪਮਾਨ ਹੈ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ, ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਆਪਣਾ ਭਰਮ ਦੂਰ ਕਰ ਲੈਣ ਕਿ ਇਹ ਲੋਕ ਬਾਬਾ ਸਾਹਿਬ ਦੀ ਕਿਰਪਾ ਨਾਲ ਪੜ੍ਹ ਲਿਖ ਕੇ ਅਫਸਰ, ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਜੱਜ, ਰਾਜਨੇਤਾ ਹਰ ਖੇਤਰ ਵਿਚ ਆਪਣੀ ਮਿਹਨਤ ਸਦਕਾ ਪਹੁੰਚ ਰਹੇ ਹਨ ਤੁਹਾਡੇ ਅਹਿਸਾਨ ਦੀ ਲੋੜ ਨਹੀਂ |