ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ)-ਨਿਊ ਗਰੀਨ ਗਰੋਵ ਪਬਲਿਕ ਸਕੂਲ ਲੰਢੇਕੇ ਮੋਗਾ ਵਲੋਂ ਉਡਾਨ-2 ਸਾਲਾਨਾ ਸਮਾਰੋਹ ਬੜੀ ਹੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ | ਆਏ ਮਹਿਮਾਨਾਂ ਤੇ ਸਕੂਲ ਦੇ ਸਟਾਫ਼, ਮੈਨੇਜਮੈਂਟ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਮੌਜੂਦਗੀ ਨਾਲ ਇਹ ਸਮਾਰੋਹ ਇਕ ਯਾਦਗਾਰੀ ਸਮਾਰੋਹ ਬਣ ਗਿਆ | ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਡਾ. ਅਮਨਦੀਪ ਕੌਰ ਅਰੋੜਾ ਵਿਧਾਇਕ ਨੇ ਆਪਣੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਵਿਸ਼ੇਸ਼ ਮਹਿਮਾਨਾਂ ਵਿਚ ਡਾ. ਮਾਲਤੀ ਥਾਪਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਡਾ. ਹਰਜੋਤ ਕਮਲ ਸਾਬਕਾ ਵਿਧਾਇਕ ਤੇ ਪ੍ਰਧਾਨ ਭਾਜਪਾ ਮੋਗਾ ਨੇ ਸ਼ਮੂਲੀਅਤ ਕਰ ਕੇ ਸਮਾਗਮ ਦੀ ਸ਼ੋਭਾ ਨੂੰ ਚਾਰ ਚੰਨ ਲਾਏ | ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਹੋਰ ਸ਼ਖ਼ਸੀਅਤਾਂ ਨੇ ਵੀ ਸਮਾਰੋਹ ਵਿਚ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ, ਪ੍ਰੇਮ ਚੰਦ ਸ਼ਹਿਰੀ ਪ੍ਰਧਾਨ ਆਪ ਪਾਰਟੀ, ਗੁਰਮਿੰਦਰ ਸਿੰਘ ਬੱਬਲੂ ਸੀਨੀਅਰ ਆਗੂ ਆਪ ਪਾਰਟੀ, ਜਸਵਿੰਦਰ ਸਿੰਘ ਕਾਕਾ ਲੰਢੇਕੇ ਐਮ.ਸੀ., ਪਰਵੀਨ ਪੀਨਾ ਕਾਰਜਕਾਰੀ ਮੇਅਰ ਮੋਗਾ, ਜਗਸੀਰ ਸਿੰਘ ਚੇਅਰਮੈਨ ਸੀਨੀਅਰ ਭਾਜਪਾ ਆਗੂ, ਮੈਡਮ ਅਮਨਦੀਪ ਕੌਰ ਸਹਿਜ ਪਾਠ ਸੇਵਾ ਸੁਸਾਇਟੀ ਪੰਜਾਬ, ਨਿਰਮਲ ਸਿੰਘ ਸਰਪੰਚ ਜੋਗੇਵਾਲਾ, ਮੈਡਮ ਰਮਨਦੀਪ ਕੌਰ ਐਜੂਕੇਟ ਪੰਜਾਬ ਪ੍ਰੋਜੈਕਟ, ਮੈਡਮ ਹਰਮੀਤ ਕੌਰ ਐਜੂਕੇਟ ਪੰਜਾਬ ਪ੍ਰੋਜੈਕਟ ਸ਼ਾਮਿਲ ਹਨ | ਇਸ ਸਮਾਗਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ, ਕਵੀਸ਼ਰੀ ਨਾਲ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ੁਰੂ ਕੀਤੀ ਗਈ ਅਤੇ ਸਭਿਆਚਾਰਕ, ਲੋਕ-ਗੀਤਾਂ ਨਾਲ ਸਕੂਲ ਵਿਦਿਆਰਥੀਆ ਨੇ ਸ਼ਾਨਦਾਰ ਪੇਸ਼ਕਾਰੀ ਕੀਤੀ ਜਿਨ੍ਹਾਂ ਨੇ ਪੂਰੇ ਸਮਾਗਮ ਨੂੰ ਸਭਿਆਚਾਰਕ ਰੰਗਾਂ ਨਾਲ ਰੰਗ ਦਿੱਤਾ | ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਸਮਾਰੋਹ ਨੂੰ ਇਕ ਪਵਿੱਤਰ ਅਤੇ ਪੰਜਾਬੀ ਗੌਰਵਮਈ ਵਿਰਸੇ ਨਾਲ ਜੋੜ ਕੇ ਰੱਖ ਦਿੱਤਾ | ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਸੰਸਕਿ੍ਤ ਪ੍ਰੋਗਰਾਮਾਂ ਦੀ ਲੜੀ ਪੇਸ਼ ਕੀਤੀ, ਜਿਨ੍ਹਾਂ ਨੇ ਮੁੱਖ ਮਹਿਮਾਨਾਂ ਤੇ ਮਾਪਿਆਂ ਦੇ ਦਿਲ ਜਿੱਤ ਲਏ | ਜੂਨੀਅਰ ਵਿੰਗ ਤੇ ਛੋਟੇ-ਛੋਟੇ ਬੱਚਿਆਂ ਨੇ ਮੈਸ਼ਅਪ ਸੌਂਗ 'ਤੇ ਡਾਂਸ ਕੀਤਾ | ਪ੍ਰਾਇਮਰੀ ਸੈਕਸ਼ਨ ਨੇ ਗੁਜਰਾਤੀ ਡਾਂਸ, ਗਣੇਸ਼ਾ ਸਵਾਗਤ ਗੀਤ, ਕਠਪੁਤਲੀ ਡਾਂਸ ਪੇਸ਼ ਕੀਤੇ | ਮਿਡਲ ਸੈਕਸ਼ਨ ਨੇ ਫਨੀ ਡਾਂਸ, ਰਾਜਸਥਾਨੀ ਡਾਂਸ, ਸੂਫ਼ੀ ਡਾਂਸ, ਸ਼ਹੀਦ ਭਗਤ ਸਿੰਘ ਐਕਟ ਪੇਸ਼ ਕੀਤਾ | ਹਾਈ ਅਤੇ ਸੀਨੀਅਰ ਸੈਕੰਡਰੀ ਸੈਕਸ਼ਨ ਦੇ ਵਿਦਿਆਰਥੀਆਂ ਨੇ ਆਰਮੀ ਡਾਂਸ, ਗਿੱਧਾ ਤੇ ਭੰਗੜਾ ਪੇਸ਼ ਕੀਤਾ | ਵਿਦਿਆਰਥੀਆਂ ਵਲੋਂ ਹਰ ਪੇਸ਼ਕਾਰੀ ਕਰ ਕੇ ਸਮਾਰੋਹ ਨੂੰ ਯਾਦਗਾਰੀ ਬਣਾ ਦਿੱਤਾ | ਸਕੂਲ ਦੀ ਪਿ੍ੰਸੀਪਲ ਮੈਡਮ ਨਿਸ਼ਾ ਅਰੋੜਾ ਨੇ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਮਾਪਿਆਂ ਤੇ ਸਮਾਜ ਪ੍ਰਤੀ ਫ਼ਰਜ਼ ਅਤੇ ਆਪਣੇ ਆਪ ਨੂੰ ਯੋਗ ਬਣਾਉਣ ਲਈ ਉਤਸ਼ਾਹਿਤ ਕੀਤਾ | ਅਖੀਰ ਮੈਨੇਜਮੈਂਟ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |