ਗਿੱਦੜਬਾਹਾ, 17 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਦਾ ਕਾਰਜ ਸ.ਸ.ਸ.ਸ.(ਲੜਕੇ) ਗਿੱਦੜਬਾਹਾ ਵਿਖੇ ਭਾਰੀ ਸੁਰੱਖਿਆ ਹੇਠ ਸ਼ੁਰੂ ਹੋਇਆ | ਸਵੇਰ ਤੋਂ ਵੋਟਾਂ ਦੀ ਗਿਣਤੀ ਦਾ ਕਾਰਜ ਭਾਵੇਂ ਧੀਮੀ ਗਤੀ ਨਾਲ ਸ਼ੁਰੂ ਹੋਇਆ ਤੇ ਉਮੀਦਵਾਰਾਂ ਦੇ ਸਮਰੱਥਕਾਂ ਵਿਚ ਚੋਣਾਂ ਦੇ ਨਤੀਜੇ ਸੁਣਨ ਦੀ ਉਕਸੁਕਤਾ ਬਣੀ ਰਹੀ | ਉਧਰ ਮੀਡੀਆ ਨੂੰ ਵੀ ਕੁਝ ਦੇਰ ਨਾਲ ਸੂਚਨਾਵਾਂ ਪਹੁੰਚਣ ਕਰਕੇ ਪੱਤਰਕਾਰ ਭਾਈਚਾਰਾ ਨਤੀਜਿਆਂ ਦੀ ਉਡੀਕ ਕਰਦਾ ਰਿਹਾ | ਇਸ ਦੌਰਾਨ ਸਭ ਤੋਂ ਪਹਿਲਾਂ ਬਲਾਕ ਸੰਮਤੀ ਦੇ ਆਏ ਨਤੀਜਿਆਂ 'ਚ ਕਾਂਗਰਸ ਪਾਰਟੀ ਦੇ ਜ਼ੋਨ ਨੰ: 14 ਦੇ ਉਮੀਦਵਾਰ ਗੁਰਵੀਰ ਸਿੰਘ ਨੂੰ 97 ਵੋਟਾਂ ਨਾਲ ਜੇਤੂ ਐਲਾਨਿਆ ਗਿਆ | ਛੱਤਿਆਣਾ ਤੋਂ 'ਆਪ' ਦੇ ਰਮਨਦੀਪ ਸਿੰਘ 77 ਵੋਟਾਂ, ਭਾਰੂ ਜ਼ੋਨ ਤੋਂ ਅੰਗਰੇਜ ਸਿੰਘ 172 ਵੋਟਾਂ, ਸੁਖਨਾ ਤੋਂ ਸਿੰਧਬਾਜ ਸਿੰਘ ਅਕਾਲੀ ਦਲ ਨੂੰ 133 ਵੋਟਾਂ, ਸੀਬੋ ਕੌਰ ਆਸਾ ਬੂਟਰ ਤੋਂ 'ਆਪ' ਦੇ ਉਮੀਦਵਾਰ ਨੂੰ 125 ਵੋਟਾਂ, ਬੇਅੰਤ ਸਿੰਘ ਭਲਾਈਆਣਾ 'ਆਪ' ਦੇ ਉਮੀਦਵਾਰ ਨੂੰ 350 ਵੋਟਾਂ, ਭੂੰਦੜ ਤੋਂ 'ਆਪ' ਦੇ ਉਮੀਦਵਾਰ ਜਗਦੀਪ ਸਿੰਘ ਨੂੰ 45 ਵੋਟਾਂ, ਨਿਕਾ ਸਿੰਘ ਭੁੱਟੀਵਾਲਾ 'ਆਪ' ਉਮੀਦਵਾਰ ਨੂੰ 200 ਵੋਟਾਂ ਨਾਲ ਜੇਤੂ ਐਲਾਨਿਆ ਗਿਆ | ਖ਼ਬਰ ਲਿਖੇ ਜਾਣ ਤੱਕ ਵੋਟਾਂ ਦੀ ਗਿਣਤੀ ਚੱਲ ਰਹੀ ਸੀ | ਅਜੇ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਦੇ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਗਿਆ ਸੀ | ਦੇਰ ਸ਼ਾਮ ਪਹੁੰਚੇ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪੋਲਿਗ ਸਟੇਸ਼ਨ ਦੇ ਬਾਹਰ ਪਹੁੰਚ ਗਏ ਅਤੇ ਪੁਲਿਸ ਪ੍ਰਸ਼ਾਸਨ ਵਲੋ ਚੋਣ ਜਾਬਤੇ ਦਾ ਵਾਸਦਾ ਪਾਉਂਦਿਆਂ ਉਨ੍ਹਾਂ ਨੂੰ ਪੋਲਿਗ ਸਟੇਸ਼ਨ ਦੇ ਬਾਹਰ ਹੀ ਰੋਕ ਲਿਆ ਗਿਆ | ਉਨ੍ਹਾਂ ਮੌਕੇ 'ਤੇ ਏ.ਡੀ.ਸੀ ਗੁਜਪ੍ਰੀਤ ਸਿੰਘ ਧਿੰਦ ਨਾਲ ਮੁਲਾਕਾਤ ਕਰਦਿਆਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਸੱਤਾ ਧਾਰੀ ਪਾਰਟੀ ਵਲੋਂ ਕੋਈ ਗੜਬੜ ਕੀਤੀ ਜਾ ਸਕਦੀ ਹੈ ਕਿਉਂਕਿ ਕੁੱਝ ਸੀਟਾਂ 'ਤੇ ਨਤੀਜਿਆਂ ਦੇ ਐਲਾਨ ਨਹੀਂ ਕੀਤੇ ਜਾ ਰਹੇ | ਸ੍ਰੀ ਧਿੰਦ ਨੇ ਵਿਸ਼ਵਾਸ ਦਿਵਾਇਆ ਕਿ ਚੋਣਾਂ ਦੀ ਗਿਣਤੀ ਬਿਲਕੁੱਲ ਪਾਰਦਰਸ਼ੀ ਕੀਤੀ ਜਾ ਰਹੀ ਹੈ ਅਤੇ ਕਿਸੇ ਕਿਸਮ ਦੀ ਗੜਬੜ ਨਹੀਂ ਹੋਣ ਦਿੱਤੀ ਜਾਵੇਗੀ |