ਧਰਮਕੋਟ, 17 ਦਸੰਬਰ (ਪਰਮਜੀਤ ਸਿੰਘ)-ਮੋਗਾ ਖੇਤਰ ਦੇ ਪ੍ਰਸਿੱਧ ਸਿੱਖਿਆ ਸੰਸਥਾ ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ ਜੋ ਆਈ.ਸੀ.ਐਸ.ਈ. ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ, 'ਚ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ''ਸਫ਼ਰ-ਏ-ਸ਼ਹਾਦਤ'' ਕਾਰਜਕ੍ਰਮ ਦੇ ਤਹਿਤ ਵਿਦਿਆਰਥੀਆਂ ਨੂੰ ਇਤਿਹਾਸ ਨਾਲ ਜਾਣੂੰ ਕਰਵਾਇਆ ਗਿਆ | ਇਸ ਤੋਂ ਬਾਅਦ ਤੀਜੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਵਿਚਕਾਰ ''ਚਾਰਟ ਮੇਕਿੰਗ'' ਮੁਕਾਬਲਾ ਸ਼ੁਰੂ ਕਰਵਾਇਆ ਗਿਆ | ਬੱਚਿਆਂ ਨੇ ਇਸ ਮੁਕਾਬਲੇ 'ਚ ਬਹੁਤ ਹੀ ਸ਼ਰਧਾ ਨਾਲ ਭਾਗ ਲਿਆ | ਵਿਦਿਆਰਥੀਆਂ ਨੇ ਸਫ਼ਰ-ਏ-ਸ਼ਹਾਦਤ ਦੇ ਇਤਿਹਾਸ ਨਾਲ ਸੰਬੰਧਿਤ ਚਾਰਟ ਤਿਆਰ ਕੀਤੇ ਤੇ ਤਸਵੀਰਾਂ ਦੇ ਮਾਧਿਅਮ ਨਾਲ ਆਪਣੇ ਇਤਿਹਾਸ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਮਨੀਸ਼ਾ ਕੌਸ਼ਿਕ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਆਪਣੇ ਇਤਿਹਾਸ ਨਾਲ ਜੁੜੇ ਰਹਿਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਜੀਵਤ ਰੱਖਿਆ ਜਾ ਸਕੇ | ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਚਾਰਟ ਬਣਾਉਣ ਵਾਲੇ ਮੁਕਾਬਲਿਆਂ ਨਾਲ ਵਿਦਿਆਰਥੀਆਂ 'ਚ ਰਚਨਾਤਮਿਕਤਾ, ਕਲਪਨਾ ਤੇ ਟੀਮ ਵਰਕ ਵਰਗੇ ਗੁਣ ਵਿਕਸਿਤ ਹੁੰਦੇ ਹਨ, ਜੋ ਉਨ੍ਹਾਂ ਨੂੰ ਡਾਟਾ ਨੂੰ ਆਸਾਨੀ ਨਾਲ ਸਮਝਣ, ਜਾਣਕਾਰੀ ਨੂੰ ਵਿਵਸਥਿਤ ਕਰਨ ਤੇ ਆਪਣੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ 'ਚ ਮਦਦ ਕਰਦੇ ਹਨ | ਇਸ ਨਾਲ ਆਤਮ-ਵਿਸ਼ਵਾਸ ਵਧਦਾ ਹੈ ਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਰਸਾਉਣ ਲਈ ਮੰਚ ਮਿਲਦਾ ਹੈ | ਇਸ ਮੌਕੇ ਸਕੂਲ ਦੇ ਸੀ. ਐਮ.ਡੀ. ਅਭਿਸ਼ੇਕ ਜਿੰਦਲ, ਸ਼ੀਨਮ ਜਿੰਦਲ ਤੇ ਸਰੋਜ ਰਾਣੀ ਜਿੰਦਲ ਨੇ ਵੀ ਬੱਚਿਆਂ ਨੂੰ ਇਤਿਹਾਸ ਪੜ੍ਹਨ, ਸੁਣਨ ਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਵਚ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ |