ਕੋਟ ਈਸੇ ਖਾਂ, 21 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਵਿਦਿਆਰਥੀਆਂ ਨੂੰ ਬਹੁਪੱਖੀ ਗੁਣਾਂ ਨਾਲ ਸਮੇਂ ਦੇ ਹਾਣੀ ਬਣਾਉਣ ਲਈ ਸਫ਼ਲਤਾ ਪੂਰਵਕ ਕਾਰਜ ਕਰ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦੇ ਵਿਹੜੇ ਹੋਏ ''ਕਾਰਨੀਵਾਲ ਮੇਲੇ'' ਦੇ ਸ਼ਾਨਦਾਰ ਆਯੋਜਨ ਨੇ ਅਮਿੱਟ ਛਾਪ ਛੱਡੀ | ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਦੀ ਯੋਗ ਅਗਵਾਈ 'ਚ ਸਕੂਲ ਵਿਦਿਆਰਥੀ ਜਿੱਥੇ ਵਿਦਿਆ ਤੇ ਖੇਡਾਂ 'ਚ ਲਗਾਤਾਰ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ, ਉੱਥੇ ਹੀ ਵਿਦਿਆਰਥੀਆਂ ਦੇ ਉਜਲ ਭਵਿੱਖ ਲਈ ਲੋੜੀਂਦੀਆਂ ਹੁੰਦੀਆਂ ਵੱਖ-ਵੱਖ ਸਿੱਖਿਆਦਾਇਕ ਤੇ ਰਚਨਾਤਮਿਕ ਗਤੀਵਿਧੀਆਂ ਨਾਲ ਸਕੂਲ ਮਾਪਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ | ਸਕੂਲ 'ਚ ਹੋਏ ''ਕਾਰਨੀਵਾਲ ਮੇਲੇ'' ਦੌਰਾਨ ਬਣੀ ਸੁੰਦਰ ਸਟੇਜ ਕੋਲ ਸਕੂਲ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ. ਡੀ. ਮੈਡਮ ਰਣਜੀਤ ਕੌਰ ਸੰਧੂ, ਪਿ੍ੰਸੀਪਲ ਮੈਡਮ ਰਮਨਦੀਪ ਕੌਰ, ਪਿ੍ੰਸੀਪਲ ਮੈਡਮ ਸੋਨੀਆ ਸ਼ਰਮਾ, ਪਿ੍ੰਸੀ: ਅਮਰਦੀਪ ਸਿੰਘ ਤੇ ਹੋਰ ਸ਼ਖ਼ਸੀਅਤਾਂ ਵਲੋਂ ਸ਼ਮਾ ਰੌਸ਼ਨ ਕੀਤੀ ਗਈ | ਉਪਰੰਤ ਮੇਲੇ 'ਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਬੁਲਾਏ ਇਲਾਕੇ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਸਟੇਜ 'ਤੇ ਬੁਲਾ ਕੇ ਹਵਾ ਵਿਚ ਗੁਬਾਰੇ ਛੱਡਦਿਆਂ ਮੇਲੇ ਦਾ ਆਗਾਜ਼ ਕੀਤਾ ਗਿਆ | ਇਸ ਦੇ ਨਾਲ ਹੀ ਪੱਤਰਕਾਰ ਭਾਈਚਾਰੇ ਦਾ ਮਾਨ ਸਨਮਾਨ ਕੀਤਾ ਗਿਆ | ਮੇਲੇ ਵਿਚ ਰਾਜਸਥਾਨੀ ਗੀਤ ਅਤੇ ਕਠਪੁਤਲੀ ਨਾਚ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ | ਬੱਚਿਆਂ ਨੇ ਹੋਰ ਕਈ ਰੋਚਕ ਖੇਡਾਂ 'ਚ ਹਿੱਸਾ ਲਿਆ | ਮੇਲੇ ਦੌਰਾਨ ਗਾਬਾ ਕੈਟਰਿੰਗ ਵਲੋਂ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਪੁੱਜੇ ਲੋਕਾਂ ਲਈ ਵਧੀਆ ਖਾਣੇ ਦਾ ਪ੍ਰਬੰਧ ਕੀਤਾ ਗਿਆ | ਸ਼ਾਨਦਾਰ ਮੇਲੇ ਦੇ ਆਯੋਜਨ ਨੂੰ ਲੈ ਕੇ ਸਕੂਲ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਕਿਹਾ ਕਿ ਮੇਲੇ ਦਾ ਮੁੱਖ ਮਕਸਦ ਸੱਭਿਆਚਾਰ, ਚੰਗੇ ਰੀਤੀ ਰਿਵਾਜ ਤੇ ਪੁਰਾਣੇ ਤੇ ਨਵੇਂ ਤਰੀਕਿਆਂ ਦੇ ਸੁਮੇਲ ਨਾਲ ਖੇਡਾਂ ਦੇ ਨਵੇਂ ਰੂਪ ਪੇਸ਼ ਕਰਕੇ ਜਿੱਥੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦਾ ਗਿਆਨ ਦੇਣ ਦੀ ਕੋਸ਼ਿਸ਼ ਕਰਨਾ ਹੈ, ਉੱਥੇ ਹੀ ਇਸ ਤਰ੍ਹਾਂ ਦੇ ਆਯੋਜਨ ਮਾਨਸਿਕ ਤੌਰ 'ਤੇ ਹਰ ਇਕ ਨੂੰ ਖ਼ੁਸ਼ੀ ਦੇਣ ਵਾਲੇ ਤੇ ਤਰੋਤਾਜ਼ਾ ਬਣਾਉਂਦੇ ਹਨ | ਉਨ੍ਹਾਂ ਕਿਹਾ ਕਿ ਸਾਡੀ ਵਿੱਦਿਅਕ ਸੰਸਥਾ ਦਾ ਹਮੇਸ਼ਾ ਇਹ ਨਿਸ਼ਾਨਾ ਰਿਹਾ ਹੈ ਕਿ ਸਕੂਲ ਦੇ ਵਿਦਿਆਰਥੀ ਹਰ ਖੇਤਰ ਕਾਮਯਾਬੀਆਂ ਦੀਆਂ ਮੰਜ਼ਿਲਾਂ ਛੂਹਣ ਦੇ ਨਾਲ-ਨਾਲ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਮ ਹੋਰ ਰੌਸ਼ਨ ਕਰਨ | ਸਕੂਲ ਪਿ੍ੰਸੀਪਲ ਮੈਡਮ ਸੋਨੀਆ ਸ਼ਰਮਾ ਤੇ ਪਿ੍ੰਸੀਪਲ ਮੈਡਮ ਰਮਨਦੀਪ ਕੌਰ ਨੇ ਕਾਰਨੀਵਾਲ ਮੇਲੇ ਨੂੰ ਸਫ਼ਲ ਬਣਾਉਣ ਲਈ ਪੁੱਜੀਆਂ ਸਾਰੀਆਂ ਟੀਮਾਂ ਦਾ ਧੰਨਵਾਦ ਕੀਤਾ |