ਹਲਕਾ ਇੰਚਾਰਜ ਨਿਯੁਕਤ ਨਾ ਹੋਣ ਕਾਰਨ ਅਕਾਲੀ ਦਲ ਨੂੰ ਧਰਮਕੋਟ 'ਚੋਂ ਹੋਇਆ ਭਾਰੀ ਨੁਕਸਾਨ
ਅਜੀਤ ਡੈਸਕ
27-12-2025
ਕਿਸ਼ਨਪੁਰਾ ਕਲਾਂ, 26 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਧਰਮਕੋਟ ਦੇ ਸੀਨੀਅਰ ਆਗੂ ਤੇ ਪਿੰਡ ਨਸੀਰੇ ਵਾਲਾ ਦੇ ਸਾਬਕਾ ਸਰਪੰਚ ਪਰਮਿੰਦਰ ਸਿੰਘ ਭੁੱਲਰ, ਸਾਬਕਾ ਸਰਪੰਚ ਬਲਤੇਜ ਸਿੰਘ ਖਹਿਰਾ ਕੋਟ ਮੁਹੰਮਦ ਖਾਂ, ਸਾਬਕਾ ਸਰਪੰਚ ਸਰਬਨ ਸਿੰਘ, ਸਾਬਕਾ ਸਰਪੰਚ ਰੇਸ਼ਮ ਸਿੰਘ ਇੱਜ਼ਤ ਵਾਲਾ, ਮੈਂਬਰ ਪੰਚਾਇਤ ਜਗਦੀਪ ਸਿੰਘ ਢਿੱਲੋਂ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਹਲਕਾ ਧਰਮਕੋਟ 'ਚ ਹਲਕਾ ਇੰਚਾਰਜ ਨਿਯੁਕਤ ਨਾ ਕੀਤੇ ਜਾਣ ਕਾਰਨ ਅਕਾਲੀ ਦਲ ਨੂੰ ਵੱਡਾ ਰਾਜਨੀਤਕ ਨੁਕਸਾਨ ਝੱਲਣਾ ਪੈ ਰਿਹਾ ਹੈ | ਆਗੂਆਂ ਨੇ ਕਿਹਾ ਕਿ ਪੰਜਾਬ 'ਚ ਪਿਛਲੇ ਦਿਨੀਂ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਤਿਹਾਸਕ ਤੇ ਰਿਕਾਰਡ ਤੋੜ ਜਿੱਤ ਹਾਸਲ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਅੱਜ ਵੀ ਅਕਾਲੀ ਦਲ ਦੀਆਂ ਪੰਥਕ ਤੇ ਲੋਕ-ਹਿਤੈਸ਼ੀ ਨੀਤੀਆਂ 'ਤੇ ਭਰੋਸਾ ਕਰਦੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਪਰਮਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਸ ਦੇ ਬਾਵਜੂਦ ਵਿਧਾਨ ਸਭਾ ਹਲਕਾ ਧਰਮਕੋਟ, ਜੋ ਕਿ ਸ਼ੁਰੂ ਤੋਂ ਹੀ ਪੰਥਕ ਸੋਚ ਤੇ ਅਕਾਲੀ ਵਿਚਾਰਧਾਰਾ ਦਾ ਮਜ਼ਬੂਤ ਗੜ੍ਹ ਰਿਹਾ ਹੈ, ਉੱਥੇ ਅਜੇ ਤੱਕ ਹਲਕਾ ਇੰਚਾਰਜ ਨਿਯੁਕਤ ਨਾ ਹੋਣਾ ਬਹੁਤ ਹੀ ਦੁਖਦਾਈ ਤੇ ਚਿੰਤਾਜਨਕ ਗੱਲ ਹੈ | ਇਸ ਕਾਰਨ ਹਲਕੇ ਦੇ ਵਰਕਰਾਂ ਤੇ ਵੋਟਰਾਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ, ਜਿਸ ਦਾ ਫ਼ਾਇਦਾ ਵਿਰੋਧੀ ਪਾਰਟੀਆਂ ਚੁੱਕ ਰਹੀਆਂ ਹਨ | ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਅਕਾਲੀ ਦਲ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੀ ਸੱਤਾ 'ਚ ਵਾਪਸੀ ਕਰਨੀ ਹੈ ਤਾਂ ਹਲਕਾ ਧਰਮਕੋਟ ਵਰਗੇ ਅਹਿਮ ਤੇ ਪੰਥਕ ਹਲਕਿਆਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ | ਸਾਬਕਾ ਸਰਪੰਚ ਪਰਮਿੰਦਰ ਸਿੰਘ ਭੁੱਲਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਤੋਂ ਜ਼ੋਰਦਾਰ ਮੰਗ ਕੀਤੀ ਕਿ ਵਿਧਾਨ ਸਭਾ ਹਲਕਾ ਧਰਮਕੋਟ 'ਚ ਛੇਤੀ ਤੋਂ ਛੇਤੀ ਯੋਗ, ਮਜ਼ਬੂਤ ਤੇ ਲੋਕ ਪ੍ਰੀਆ ਹਲਕਾ ਇੰਚਾਰਜ ਨਿਯੁਕਤ ਕੀਤਾ ਜਾਵੇ, ਤਾਂ ਜੋ ਵਰਕਰਾਂ 'ਚ ਨਵਾਂ ਜੋਸ਼ ਭਰਿਆ ਜਾ ਸਕੇ ਤੇ ਅਕਾਲੀ ਦਲ ਨੂੰ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ | ਇਸ ਮੌਕੇ ਦਵਿੰਦਰ ਸਿੰਘ ਗਿੱਲ ਇੰਦਰਗੜ੍ਹ, ਨੰਬਰਦਾਰ ਗੁਰਜਿੰਦਰ ਸਿੰਘ ਜੀਂਦੜਾ, ਪ੍ਰਧਾਨ ਗੁਰਚਰਨ ਸਿੰਘ ਚੰਨਾ, ਪੰਚ ਬਲਦੇਵ ਸਿੰਘ ਦੇਬੀ ਮੰਘੇੜਾ, ਜਿੱਤ ਸਿੰਘ ਇੱਜਤਵਾਲਾ, ਬਹਾਦਰ ਸਿੰਘ ਸਿੱਧੂ ਪੁਰੀਆ, ਡਾ. ਗੁਰਪ੍ਰੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ |