ਮੋਗਾ, 26 ਦਸੰਬਰ (ਸੁਰਿੰਦਰਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਵਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਚੂਹੜਚੱਕ ਦੇ ਨਿਵਾਸੀ ਭਾਈ ਪਿ੍ਤਪਾਲ ਸਿੰਘ ਦੀ ਕੀਤੀ ਗਈ ਗ਼ੈਰਵਾਜਬ ਤੇ ਗ਼ੈਰ-ਕਾਨੂੰਨੀ ਗਿ੍ਫ਼ਤਾਰੀ ਦੇ ਵਿਰੋਧ ਵਜੋਂ ਅੱਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਵੱਡੀ ਗਿਣਤੀ 'ਚ ਵਰਕਰਾਂ ਨੂੰ ਨਾਲ ਲੈ ਕੇ ਐਸ.ਐਸ.ਪੀ. ਮੋਗਾ ਦੇ ਦਫ਼ਤਰ ਅੱਗੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਭਾਈ ਪਿ੍ਤਪਾਲ ਸਿੰਘ ਦੀ ਧਰਮ-ਪਤਨੀ ਬੀਬੀ ਕਿਰਨਜੀਤ ਕੌਰ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿਚ ਮੁੱਖ ਤੌਰ 'ਤੇ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਦੇ ਚਾਚਾ ਸੁਖਚੈਨ ਸਿੰਘ, ਚਾਚਾ ਪ੍ਰਗਟ ਸਿੰਘ, ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਹਰਭਜਨ ਸਿੰਘ ਤੁੜ, ਭਾਈ ਦਲੇਰ ਸਿੰਘ ਡੋਡ, ਭਾਈ ਪਿ੍ਥੀਪਾਲ ਸਿੰਘ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਭੁਪਿੰਦਰ ਸਿੰਘ ਗੱਦਲੀ, ਭਾਈ ਦਇਆ ਸਿੰਘ, ਭਾਈ ਸਰਬਜੀਤ ਸਿੰਘ ਖ਼ਾਨਪੁਰ, ਬਾਬਾ ਬਿਬੇਕ ਸਿੰਘ, ਭਾਈ ਸੁਖਬੀਰ ਸਿੰਘ ਵਲਟੋਹਾ, ਭਾਈ ਸਵਰਨ ਸਿੰਘ ਗੋਲਡਨ, ਭਾਈ ਦਲਜੀਤ ਸਿੰਘ ਜਵੰਦਾ, ਭਾਈ ਕਰਨਵੀਰ ਸਿੰਘ, ਭਾਈ ਚਰਨਜੀਤ ਸਿੰਘ ਗ਼ਾਲਿਬ, ਭਾਈ ਜਸਕਰਨ ਸਿੰਘ ਲੋਪੋਕੇ, ਭਾਈ ਨਿਰਵੈਰ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਦਲਜੀਤ ਸਿੰਘ ਮਿਆਦੀਆਂ, ਭਾਈ ਜਗਨੰਦਨ ਸਿੰਘ ਅਤੇ ਭਾਈ ਮਹਿੰਦਰਪਾਲ ਸਿੰਘ ਤੁੰਗ ਆਦਿ ਮੌਜੂਦ ਸਨ | ਰੋਸ ਪ੍ਰਦਰਸ਼ਨ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਜਿਸ ਰਾਈਫ਼ਲ ਨੂੰ ਆਧਾਰ ਬਣਾ ਕੇ ਭਾਈ ਪਿ੍ਤਪਾਲ ਸਿੰਘ ਖ਼ਿਲਾਫ਼ ਐਫ਼.ਆਈ.ਆਰ. ਦਰਜ ਕੀਤੀ ਗਈ, ਉਹ ਅਸਲੀ ਹਥਿਆਰ ਨਹੀਂ ਸਗੋਂ ਖਿਡੌਣਾ (ਏਅਰ ਗੰਨ) ਸੀ | ਇਹ ਤੱਥ ਮੀਡੀਆ ਰਿਪੋਰਟਾਂ ਤੇ ਪਰਿਵਾਰਕ ਬਿਆਨਾਂ ਰਾਹੀਂ ਸਾਹਮਣੇ ਆ ਚੁੱਕਾ ਹੈ | ਇਸ ਦੇ ਬਾਵਜੂਦ ਬਿਨ੍ਹਾਂ ਕਿਸੇ ਤਕਨੀਕੀ ਜਾਂ ਕਾਨੂੰਨੀ ਜਾਂਚ ਦੇ ਭਾਈ ਪਿ੍ਤਪਾਲ ਸਿੰਘ ਨੂੰ ਗਿ੍ਫ਼ਤਾਰ ਕਰਕੇ ਜੁਡੀਸ਼ੀਅਲ ਹਿਰਾਸਤ ਵਿਚ ਭੇਜਣਾ ਸਰਾਸਰ ਗ਼ੈਰ-ਕਾਨੂੰਨੀ ਕਾਰਵਾਈ ਹੈ | ਇਸ ਮੌਕੇ ਪਾਰਟੀ ਵਲੋਂ ਐਸ.ਐਸ.ਪੀ. ਮੋਗਾ ਨੂੰ ਲਿਖਤੀ ਦਰਖ਼ਾਸਤ ਸੌਂਪੀ ਗਈ, ਜਿਸ ਵਿਚ ਮੰਗ ਕੀਤੀ ਗਈ ਕਿ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ ਤੇ ਭਾਈ ਪਿ੍ਤਪਾਲ ਸਿੰਘ ਖ਼ਿਲਾਫ਼ ਦਰਜ ਕੀਤਾ ਗਿਆ ਬੇਬੁਨਿਆਦ ਪਰਚਾ ਤੁਰੰਤ ਰੱਦ ਕੀਤਾ ਜਾਵੇ ਜਿਸ 'ਤੇ ਐਸ.ਐਸ.ਪੀ. ਮੋਗਾ ਨੇ ਇਹ ਵਿਸ਼ਵਾਸ ਦਿਵਾਇਆ ਕਿ ਜਲਦ ਤੋਂ ਜਲਦ ਇਸ ਦੀ ਜਾਂਚ ਕਰਕੇ ਪਰਚਾ ਰੱਦ ਕਰ ਦਿੱਤਾ ਜਾਵੇਗਾ | ਅਕਾਲੀ ਦਲ ਵਾਰਿਸ ਪੰਜਾਬ ਨੇ ਸਪੱਸ਼ਟ ਕੀਤਾ ਕਿ ਜੇਕਰ ਭਾਈ ਪਿ੍ਤਪਾਲ ਸਿੰਘ ਨੂੰ ਇਨਸਾਫ਼ ਨਾ ਮਿਲਿਆ, ਤਾਂ ਪਾਰਟੀ ਇਸ ਬੇਇਨਸਾਫ਼ੀ ਖ਼ਿਲਾਫ਼ ਲੋਕਤੰਤਰਿਕ ਢੰਗ ਨਾਲ ਸੰਘਰਸ਼ ਨੂੰ ਹੋਰ ਵੱਡੇ ਪੱਧਰ 'ਤੇ ਲੈ ਕੇ ਜਾਵੇਗੀ |